Fire in parked cars : ਅੰਮ੍ਰਿਤਸਰ ਵਿਖੇ ਐਤਵਾਰ ਨੂੰ ਤਿੰਨ ਖੜ੍ਹੀਆਂ ਕਾਰਾਂ ਵਿਚ ਅੱਗ ਲੱਗ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਨੇੜੇ ਦੇ ਇਕ ਦਰੱਖਤ ’ਤੇ ਇਕ ਕਾਗਜ਼ ਚਿਪਕਾਇਆ ਹੋਇਆ ਮਿਲਿਆ ਜਿਸ ’ਤੇ ਇਸ ਘਟਨਾ ਦੀ ਜ਼ਿੰਮੇਵਾਰੀ ਲੈਣ ਵਾਲੇ ਨੇ 18 ਮਈ ਨੂੰ ਪੂਰੇ ਪੰਜਾਬ ਵਿਚ ਇਸੇ ਤਰ੍ਹਾਂ ਕਾਰਾਂ ਅਤੇ ਬੱਸਾਂ ਸਾੜਣ ਦੀ ਚਿਤਾਵਨੀ ਵੀ ਦਿੱਤੀ ਸੀ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਇਹ ਘਟਨਾ ਤੜਕੇ ਸਾਢੇ ਤਿੰਨ ਵਜੇ ਗੋਲ ਬਾਗ ਇਲਾਕੇ ਵਿਚ ਵਾਪਰੀ। ਨਗਰ ਨਿਗਮ ਅਤੇ ਢਾਬ ਬਸਤੀ ਦੀ ਰਾਮ ਸੇਵਾ ਸੁਸਾਇਟੀ ਦੀ ਫਾਇਰ ਬ੍ਰਿਗੇਟ ਨੇ ਮੌਕੇ ’ਤੇ ਪਹੁੰਚ ਕੇ ਅੱਗ ਬੁਝਾਈ। ਇਸ ਦੌਰਾਨ ਸੂਚਨਾ ਮਿਲਦੇ ਹੀ ਡਿਪਟੀ ਕਮਿਸ਼ਨਰ ਜਗਮੋਹਨ ਸਿੰਘ, ਏਡੀਸੀਪੀ ਹਰਜੀਤ ਸਿੰਘ ਥਾਲੀਵਾਲ, ਏਸੀਪੀ ਸੁਖਜਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਕਾਰ ਮਾਲਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਵੇਰੇ-ਸਵੇਰੇ ਉਨ੍ਹਾਂ ਨੂੰ ਗੱਡੀਆਂ ’ਚ ਅੱਗ ਲੱਗਣ ਦਾ ਫੋਨ ਆਇਆ, ਜਿਸ ’ਤੇ ਉਹ ਤੁਰੰਤ ਮੌਕੇ ’ਤੇ ਪਹੁੰਚੇ ਤਾਂ ਫਾਇਰ ਬ੍ਰਿਗੇਡ ਦੀ ਟੀਮ ਅੱਗ ਬੁਝਾ ਚੁੱਕੀ ਸੀ, ਪਰ ਉਨ੍ਹਾਂ ਦੀਆਂ ਗੱਡੀਆਂ ਸੜ ਚੁੱਕੀਆਂ ਸਨ।
ਇਸ ਦੇ ਨਾਲ ਹੀ ਕਾਰਾਂ ਦੇ ਕੋਲ ਹੀ ਇਕ ਦਰੱਖਤ ’ਤੇ ਕਾਗਜ਼ ਚਿਪਕਿਆ ਮਿਲਿਆ, ਜੋਕਿ ਪੰਜਾਬੀ ਭਾਸ਼ਾ ਵਿਚ ਲਿਖਿਆ ਗਿਆ ਸੀ ਤੇ ਕਿਸੇ ਅਣਪਛਾਤੇ ਵਿਅਕਤੀ ਨੇ ਇਸ ਪੂਰੀ ਘਟਨਾ ਦੀ ਜ਼ਿੰਮੇਵਾਰੀ ਲੈਂਦੇ ਹੋਏ ਲਿਖਿਆ ਸੀ ’ਕੋਰੋਨਾ ਨੇ ਸਿੱਧ ਕਰ ਦਿੱਤਾ ਕਿ ਸਾਰੇ ਗੁਰੂ ਜਿਹੜੇ ਭਗਵਾਨ ਦੇ ਮਹਾਨ ਸ਼ਬਦਾਂ ਦਾ ਉੱਚਾਰਣ ਕਰਦੇ ਹਨ ਝੂਠੇ ਹਨ’ ਇਸ ਤੋਂ ਇਲਾਵਾ ਉਸ ਵਿਚ ਕਈ ਇਤਰਾਜ਼ਯੋਗ ਗੱਲਾਂ ਲਿਖੀਆਂ ਹੋਈਆਂ ਸਨ। ਇਸ ਵਿਚ 18 ਮਈ ਨੂੰ ਸਾਰੇ ਪੰਜਾਬ ਵਿਚ ਕਾਰਾਂ ਤੇ ਬੱਸਾਂ ਸਾੜਣ ਦੀ ਚਿਤਾਵਨੀ ਵੀ ਦਿੱਤੀ ਗਈ ਹੈ। ਇਸ ਤੋਂ ਬਾਅਦ ਪੁਲਿਸ ਦੇ ਨਾਲ-ਨਾਲ ਵੱਖ-ਵੱਖ ਸੁਰੱਖਿਆਂ ਏਜੰਸੀਆਂ ਵੀ ਚੌਕੰਨੀਆਂ ਹੋ ਗਈਆਂ ਹਨ। ਇਸ ਬਾਰੇ ਡੀਸੀਪੀ ਜਗਮੋਹਨ ਸਿੰਘ ਦਾ ਕਹਿਣਾ ਹੈ ਕਿ ਇਸ ਘਟਨਾ ਦਾ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।