Vijayinder Singla honored the : ਕੋਵਿਡ-19 ਸੰਕਟ ਦੌਰਾਨ ਆਪਣੀ ਜਾਨ ਦੀ ਪਰਵਾਹ ਨਾ ਕੀਤੇ ਬਗੈਰ ਡਿਊਟੀ ਨਿਭਾਉਣ ਵਾਲੇ ਕੋਰੋਨਾ ਜੋਧਿਆਂ ਨੂੰ ਅੱਜ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾਂ ਵੱਲੋਂ ਭਵਾਨੀਗੜ੍ਹ ਵਿਖੇ ਸਨਮਾਨਤ ਕੀਤਾ ਗਿਆ। ਇਥੇ ਸ਼ਹਿਰ ਦੇ ਗੁਰੂ ਤੇਗ ਬਹਾਦਰ ਸਟੇਡੀਅਮ ਵਿਖੇ ਰਖੇ ਇਕ ਸਮਾਰੋਹ ਦੌਰਾਨ ਕੈਬਨਿਟ ਮੰਤਰੀ ਨੇ ਪੁਲਿਸ ਮੁਲਾਜ਼ਮਾਂ, ਸਫਾਈ ਸੇਵਕਾਂ ਅਤੇ ਸਿਹਤ ਕਰਮਚਾਰੀਆਂ ਨੂੰ ਖਾਣ-ਪੀਣ ਵਾਲੇ ਸਮਾਨ ਦੀਆਂ ਲਗਜ਼ਰੀ ਕਿੱਟਾਂ ਦੇ ਕੇ ਸਨਮਾਨਤ ਕੀਤਾ।
ਇਸ ਮੌਕੇ ਉਨ੍ਹਾਂ ਕਿਹਾ ਕਿ ਪੁਲਿਸ, ਸਿਹਤ ਕਰਮਚਾਰੀ, ਸਫਾਈ ਸੇਵਕਾਂ ਅਤੇ ਮੀਡੀਆ ਦੇ ਨਾਲ-ਨਾਲ ਹੋਰ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਦੇ ਕੋਰੋਨਾ ਵਾਲੰਟੀਅਰਜ਼ ਸਭ ਮਿਲ ਕੇ ਕੋਰੋਨਾ ਮਹਾਮਾਰੀ ਦੀ ਇਸ ਜੰਗ ਵਿਰੁੱਧ ਲੜਾਈ ਵਿਚ ਕੋਰੋਨਾ ਨੂੰ ਹਰਾਉਣ ਲਈ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਤੋਂ ਉਪਰ ਉਠ ਕੇ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਦਿਨ-ਰਾਤ ਮਿਹਨਤ ਕਰਕੇ ਸਰਕਾਰ ਨਾਲ ਆਪਣਾ ਸਹਿਯੋਗ ਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਇਸ ਸਹਿਯੋਗ ਲਈ ਅਸੀਂ ਇਨ੍ਹਾਂ ਜੋਧਿਆਂ ਨੂੰ ਸਲਿਊਟ ਕਰਦੇ ਹਾਂ। ਉਨ੍ਹਾਂ ਅੱਗੇ ਕਿਹਾ ਕਿ ਜਿਸ ਤਰ੍ਹਾਂ ਅਸੀਂ ਸਾਰਿਆਂ ਨੇ ਰਲਮਿਲ ਕੇ ਕੰਮ ਕੀਤਾ ਹੈ, ਉਸੇ ਤਰ੍ਹਾਂ ਅੱਗੇ ਵੀ ਕੋਰੋਨਾ ਮਹਾਮਾਰੀ ਦੇ ਵਿਰੁੱਧ ਇਸੇ ਤਰ੍ਹਾਂ ਇਕਮੁੱਠ ਹੋ ਕੇ ਕੰਮ ਕਰਦੇ ਰਹਿਣਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੋਵਿਡ-19 ਸੰਕਟ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੀਆਂ ਗਈਆਂ ਹਿਦਾਇਤਾਂ ਦੀ ਸਾਰਿਆਂ ਵੱਲੋਂ ਪਾਲਣਾ ਕੀਤੀ ਗਈ ਹੈ। ਇਸ ਮੌਕੇ ਉਨ੍ਹਾਂ ਨਾਲ ਐਸਡੀਐਮ ਅੰਕੁਰ ਮਹਿੰਦਰੂ, ਡੀਐਸਪੀ ਗੋਬਿੰਦਰ ਸਿੰਘ, ਗੁਰਲੀਨ ਕੌਰ ਤਹਿਸਲੀਦਾਰ ਭਵਾਨੀਗੜ੍ਹ, ਥਾਣਾ ਮੁਖੀ ਸਬ ਇੰਸਪੈਕਟਰ ਰਮਨਦੀਪ ਸਿੰਘ, ਡਾਕਟਰ ਪ੍ਰਵੀਨ ਗਰਗ ਐਸਐਮਓ, ਰਕੇਸ਼ ਕੁਮਾਰ ਕਾਰਜ ਸਾਧਕ ਅਫਸਰ, ਕਪਿਲਦੇਵ ਗਰਗ ਡਾਇਰੈਕਟਰ ਪੀਆਰਟੀਸੀ, ਵਰਿੰਦਰ ਪੰਨਵਾ ਚੇਅਰਮੈਨ ਬਲਾਕ ਸੰਮਤੀ ਅਤੇ ਹੋਰ ਕਈ ਪ੍ਰਸ਼ਾਸਨਿਕ ਅਦਿਕਾਰੀ ਤੇ ਕਾਂਗਰਸੀ ਆਗੂ ਮੌਜੂਦ ਸਨ।