39th death due to : ਪੰਜਾਬ ਵਿਚ ਜਿਥੇ ਕੋਰੋਨਾ ਪਾਜੀਟਿਵ ਕੇਸਾਂ ਦੀ ਗਿਣਤੀ ਪਿਛਲੇ ਕੁਝ ਦਿਨਾਂ ਤੋਂ ਘਟੀ ਸੀ ਤੇ ਇਸੇ ਨੂੰ ਧਿਆਨ ਵਿਚ ਰੱਖਦੇ ਹੋਏ ਸੂਬਾ ਸਰਕਾਰ ਵਲੋਂ ਬਹੁਤ ਸਾਰੇ ਖੇਤਰਾਂ ਵਿਚ ਰਿਆਇਤਾਂ ਵੀ ਦਿੱਤੀਆਂ ਗਈਆਂ ਪਰ ਅੱਜ ਸਵੇਰੇ ਹੀ ਬੁਰੀ ਖਬਰ ਆਈ ਕਿ ਜਿਲ੍ਹਾ ਜਲੰਧਰ ਵਿਖੇ ਕੋਰੋਨਾ ਪਾਜੀਟਿਵ ਮਰੀਜ਼ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੰਤੋਸ਼ ਰਾਣੀ ਈਸ਼ਵਰ ਕਾਲੋਨੀ, ਕਾਲਾ ਸੰਘਾ ਰੋਡ ਵਜੋਂ ਹੋਈ ਹੈ। ਉਕਤ ਔਰਤ ਕਾਫੀ ਦਿਨਾਂ ਤੋਂ ਸਿਵਲ ਹਸਪਤਾਲ ਵਿਖੇ ਦਾਖਲ ਸੀ। ਮ੍ਰਿਤਕ ਦੀ ਉਮਰ ਲਗਭਗ 66 ਸਾਲ ਸੀ। ਇਸੇ ਤਰ੍ਹਾਂ ਜਲੰਧਰ ਵਿਖੇ ਇਕ ਹੋਰ ਕੋਵਿਡ-19 ਮਰੀਜ਼ ਦੀ ਪੁਸ਼ਟੀ ਹੋਈ ਹੈ। ਇਹ ਨੌਜਵਾਨ ਦੁਬਈ ਤੋਂ ਵਾਪਸ ਪਰਤਿਆ ਦੱਸਿਆ ਜਾਰਿਹਾ ਹੈ। ਨੌਜਵਾਨ ਦੀ ਉਮਰ 26 ਸਾਲ ਹੈ। ਇਸ ਤਰ੍ਹਾਂ ਜਲੰਧਰ ਵਿਖੇ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ 215 ਤਕ ਪੁੱਜ ਗਈ ਹੈ।
ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਔਰਤ ਕਿਡਨੀ ਦੀ ਗੰਭੀਰ ਬੀਮਾਰੀ ਤੋਂ ਪੀੜਤ ਸੀ ਅਤੇ ਉਸ ਦਾ ਕਾਫੀ ਦੇਰ ਤੋਂ ਇਲਾਜ ਚੱਲ ਰਿਹਾ ਸੀ। ਇਹ ਜਾਣਕਾਰੀ ਸਿਵਲ ਸਰਜਨ ਦੇ ਸਹਾਇਕ ਸਿਹਤ ਅਧਿਕਾਰੀ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਲਗਭਗ 214 ਕੇਸਾਂ ‘ਚੋਂ ਲਗਭਗ 156 ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ ਤੇ ਅਹਿਤਿਆਤ ਦੇ ਤੌਰ ‘ਤੇ 168 ਲੋਕਾਂ ਦੇ ਸੈਂਪਲ ਟੈਸਟਲਈ ਭੇਜੇ ਜਾ ਚੁੱਕੇ ਹਨ। ਸੂਬੇ ਵਲੋਂ ਵਾਰ-ਵਾਰ ਲੋਕਾਂ ਨੂੰ ਐਡਵਾਈਜਰੀ ਦਿੱਤੀ ਜਾ ਰਹੀ ਹੈ ਤਾਂ ਜੋ ਕੋਰੋਨਾ ਵਾਇਰਸ ਦੇ ਵਧਦੇ ਪ੍ਰਕੋਪ ਨੂੰ ਕੰਟਰੋਲ ਕੀਤਾ ਜਾ ਸਕੇ। ਪ੍ਰਸ਼ਾਸਨ ਵਲੋਂ ਲੋਕਾਂ ਨੂੰ ਸਖਤ ਹਦਾਇਤਾਂ ਵੀ ਦਿੱਤੀਆਂ ਜਾ ਰਹੀਆਂ ਹਨ ਕਿ ਭਾਵੇਂ ਸੂਬਾ ਸਰਕਾਰ ਵਲੋਂ ਕਰਫਿਊ ਨੂੰ ਹਟਾ ਦਿੱਤਾ ਗਿਆ ਹੈ ਪਰ ਫਿਰ ਵੀ ਕੋਈ ਵੀ ਵਿਅਕਤੀ ਬਿਨਾਂ ਮਾਸਕ ਦੇ ਬਾਹਰ ਨਾ ਨਿਕਲੇ, ਸੈਨੇਟਾਈਜਰ ਦਾ ਇਸਤੇਮਾਲ ਰੈਗੂਲਰ ਕਰੇ ਤੇ ਬਹੁਤ ਹੀ ਵਧ ਲੋੜ ਹੋਵੇ ਤਾਂ ਹੀ ਘਰ ਤੋਂ ਬਾਹਰ ਨਿਕਲੇ। ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰੇ।