PU Final Year exams : ਪੰਜਾਬੀ ਯੂਨੀਵਰਸਿਟੀ ਵੱਲੋਂ ਸਾਰੇ ਕੋਰਸਾਂ ਦੇ ਫਾਈਨਲ ਈਅਰ ਦੀਆਂ ਟਰਮੀਨਲ ਪ੍ਰੀਖਿਆਵਾਂ 1 ਜੁਲਾਈ ਤੋਂ ਕਰਵਾਉਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਬਾਰੇ ਗੱਲ ਕਰਦਿਆਂ ਡਾ. ਗੁਰਦੀਪ ਸਿੰਘ ਬਤਰਾ ਡੀਨ ਅਕਾਦਮਿਕ ਮਾਮਲੇ ਨੇ ਦੱਸਿਆ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਚੱਲਦਿਆਂ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਬ੍ਰਾਂਚ ਵੱਲੋਂ ਇਕ ਜੁਲਾਈ ਨੂੰ ਫਾਈਨਲ ਈਅਰ ਦੀਆਂ ਟਰਮੀਨਲ ਪ੍ਰੀਖਿਆਵਾਂ ਸਬੰਧੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਜਿਸ ਨਾਲ ਪ੍ਰੀਖਿਆਵਾਂ ਸਮੇਂ ’ਤੇ ਕਰਵਾਈਆਂ ਜਾ ਸਕਣ।
ਉਨ੍ਹਾਂ ਕਿਹਾ ਕਿ ਇਸ ਦੀ ਡੇਟਸ਼ੀਟ ਛੇਤੀ ਹੀ ਜਾਰੀ ਕਰ ਦਿੱਤੀ ਜਾਵੇਗੀ। ਇਸ ਤਰ੍ਹਾਂ ਸਾਰੇ ਵਿਦਿਆਰਥੀ ਆਪਣੀ ਪ੍ਰੀਖਿਆ ਦੀ ਤਿਆਰੀ ਸਹੀ ਸਮੇਂ ’ਤੇ ਕਰ ਸਕਦੇ ਹਨ। ਉੱਥੇ ਹੀ ਪੀਯੂ ਨੇ ਫਾਈਨਲ ਈਅਰ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਵੀ ਫ਼ੈਸਲਾ ਕਰ ਲਿਆ ਹੈ। ਜਿਹੜੇ ਕੋਰਸ ਪੰਜ, ਦੋ ਅਤੇ ਤਿੰਨ ਸਾਲ ਦੇ ਹਨ ਉਹਨਾਂ ਦੇ ਕੋਰਸ ਦੇ ਫਾਈਨਲ ਨੂੰ ਛੱਡ ਕੇ ਬਾਕੀ ਪ੍ਰੀਖਿਆਵਾਂ ਨੂੰ ਲੈ ਕੇ ਅਜੇ ਤਕ ਦੁਚਿੱਤੀ ਹੈ। ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਝਰ ਨੇ ਦਸਿਆ ਕਿ ਹੁਣ ਫਾਈਨਲ ਈਅਰ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਯੂਜੀਸੀ ਵੱਲੋਂ ਨਿਰਦੇਸ਼ ਆਏ ਹਨ। ਬਾਕੀ ਹੋਰ ਪ੍ਰੀਖਿਆਵਾਂ ਨੂੰ ਲੈ ਕੇ ਜਿਵੇਂ ਹੀ ਯੂਜੀਸੀ, ਪੰਜਾਬ ਸਰਕਾਰ ਵੱਲੋਂ ਨਿਰਦੇਸ਼ ਜਾਰੀ ਹੋਣਗੇ, ਤਿਆਰੀ ਸ਼ੁਰੂ ਕਰ ਦਿੱਤੀ ਜਾਵੇਗੀ।
ਇਥੇ ਦੱਸਣਯੋਗ ਹੈ ਕਿ ਰਮੇਸ਼ ਪੋਖਰਿਆਲ ਨਿਸ਼ਾਂਕ ਨੇ ਸੀਬੀਐਸਈ ਬੋਰਡ ਦੀ ਪ੍ਰੀਖਿਆ ਦੀ ਤਰੀਕ ਨਾਲ ਜੁੜੀ ਮਹੱਤਵਪੂਰਣ ਜਾਣਕਾਰੀ ਦਾ ਖੁਲਾਸਾ ਕੀਤਾ ਹੈ। ਇਸ ਦੇ ਤਹਿਤ ਸੀਬੀਐਸਈ ਬੋਰਡ ਦੀਆਂ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਬਾਕੀ ਪ੍ਰੀਖਿਆਵਾਂ ਲਈ ਨਵੀਂ ਡੇਟਸ਼ੀਟ ਐਲਾਨੀ ਹੈ। ਸਿੱਖਿਆ ਮੰਤਰੀ ਨਿਸ਼ਾਂਕ ਦੀ ਘੋਸ਼ਣਾ ਦੇ ਨਾਲ ਹੁਣ ਇਹ ਫੈਸਲਾ ਲਿਆ ਗਿਆ ਹੈ ਕਿ ਬਾਕੀ 29 ਵਿਸ਼ਿਆਂ ਵਿਚੋਂ ਕਿਹੜਾ ਪੇਪਰ ਕਿਹੜੇ ਦਿਨ ਹੋਵੇਗਾ। ਦਸਵੀਂ ਅਤੇ ਬਾਰ੍ਹਵੀਂ ਜਮਾਤ ਲਈ ਸੀਬੀਐਸਈ ਬੋਰਡ ਦੀਆਂ ਬਾਕੀ ਪ੍ਰੀਖਿਆਵਾਂ 1 ਜੁਲਾਈ ਤੋਂ 15 ਜੁਲਾਈ ਤੱਕ ਲਈਆਂ ਜਾਣਗੀਆਂ।