Positive Corona Cases in Chandigarh : ਕੋਰੋਨਾ ਵਇਰਸ ਦਾ ਕਹਿਰ ਅਜੇ ਵੀ ਰੁਕਣ ਦਾ ਨਾਂ ਨਹੀਂ ਲੈ ਰਿਹਾ। ਚੰਡੀਗੜ੍ਹ ਤੇ ਅੰਮ੍ਰਿਤਸਰ ਤੋਂ ਕੋਰੋਨਾ ਦੇ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਦੱਸਣਯੋਗ ਹੈ ਕਿ ਚੰਡੀਗੜ੍ਹ ਦੀ ਬਾਪੂਧਾਮ ਕਾਲੋਨੀ ਵਿਚੋਂ ਕੋਰੋਨਾ ਦੇ 11 ਨਵੇਂ ਮਰੀਜ਼ ਮਿਲੇ ਹਨ, ਜਿਨ੍ਹਾਂ ਵਿਚੋਂ 9 ਮਾਮਲੇ ਇਕ ਹੀ ਬਿਲਡਿੰਗ ਦੇ ਹਨ। ਹੁਣ ਸ਼ਹਿਰ ਵਿਚ ਕੁਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 216 ਹੋ ਗਈ ਹੈ। ਹੁਣ ਤੱਕ ਚੰਡੀਗੜ੍ਹ ਵਿਚ 3 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਐਕਟਿਵ ਕੇਸਾਂ ਦੀ ਗਿਣਤੀ ਇਸ ਸਮੇਂ 77 ਹੈ।
ਜ਼ਿਕਰਯੋਗ ਹੈ ਕਿ ਬੁੱਧਵਾਰ ਰਾਤ ਨੂੰ ਵੀ ਚਾਰ ਸਾਲਾ ਦੇ ਬੱਚੇ ਸਣੇ ਕੋਰੋਨਾ ਦੇ ਤਿੰਨ ਹੋਰ ਮਾਮਲੇ ਸਾਹਮਣੇ ਆਏ ਸਨ। ਇਨ੍ਹਾਂ ਵਿਚੋਂ ਇਕ 6 ਸਾਲਾ ਦੀ ਲੜਕੀ ਅਤੇ 28 ਸਾਲਾ ਦੀ ਔਰਤ ਵੀ ਸ਼ਾਮਲ ਹਨ, ਜੋਕਿ ਇਕੋ ਪਰਿਵਾਰ ਤੋਂ ਹੀ ਹਨ। ਇਸ ਦੇ ਨਾਲ ਤਿੰਨ ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਘਰ ਰਵਾਨਾ ਕਰ ਦਿੱਤਾ ਗਿਆ ਹੈ, ਜਿਨ੍ਹਾਂ ਵਿਚ ਇਕ 50 ਸਾਲਾ ਔਰਤ, 16 ਸਾਲਾ ਲੜਕੀ ਅਤੇ ਇਕ 10 ਸਾਲ ਦਾ ਬੱਚਾ ਹੈ।
ਉਧਰ ਅੰਮ੍ਰਿਤਸਰ ਜ਼ਿਲੇ ਵਿਚ ਵੀ ਅੱਜ ਸਵੇਰੇ ਕੋਰੋਨਾ ਵਾਇਰਸ ਦਾ ਇਕ ਪਾਜ਼ੀਟਿਵ ਕੇਸ ਸਾਹਮਣੇ ਆਇਆ ਹੈ, ਜੋਕਿ ਕਟਰਾ ਦੁਲੋ ਦਾ ਰਹਿਣ ਵਾਲਾ 60 ਸਾਲਾ ਵਿਅਕਤੀ ਹੈ। ਮਿਲੀ ਜਾਣਕਾਰੀ ਮੁਤਾਬਕ ਮਰੀਜ਼ ਵੱਲੋਂ ਤੁਲੀ ਡਾਇਨੈਸਟਿਕ ਸੈਂਟਰ ਵਿਚ ਆਪਣਾ ਟੈਸਟ ਕਰਵਾਇਆ ਗਿਆ ਸੀ, ਜਿਥੇ ਉਸ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਮਰੀਜ਼ ਨੂੰ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਕੀਤ ਗਿਆ ਹੈ। ਜ਼ਿਕਰਯੋਗ ਹੈ ਕਿ ਕੁਝ ਦੀ ਖੰਘ ਤੇ ਜੁਕਾਮ ਤੋਂ ਪੀੜਤ ਇਸ ਮਰੀਜ਼ ਨੇ ਬੁੱਧਵਾਰ ਨੂੰ ਪਿੰਕ ਪਲਾਜ਼ਾ ਸਥਿਤ ਈਐਨਟੀ ਡਾਕਟਰ ਦੇ ਕਲੀਨਿਕ ’ਤੇ ਆਪਣਾ ਚੈਕਅਪ ਕਰਵਾਇਆ, ਜਿਥੇ ਲੱਛਣਾਂ ਦੇ ਆਧਾਰ ’ਤੇ ਉਸ ਨੂੰ ਕੋਰੋਨਾ ਟੈਸਟ ਕਰਵਾਉਣ ਲਈ ਕਿਹਾ ਗਿਆ ਸੀ। ਜ਼ਿਕਰਯੋਗ ਹੈ ਕਿ ਜ਼ਿਲੇ ਵਿਚ ਹੁਣ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 312 ਹੋ ਗਈ ਹੈ, ਜਦਕਿ 4 ਦੀ ਮੌਤ ਹੋ ਚੁੱਕੀ ਹੈ। ਰਾਹਤ ਵਾਲੀ ਗੱਲ ਇਹ ਹੈ ਕਿ 296 ਮਰੀਜ਼ਾਂ ਨੂੰ ਠੀਕ ਹੋਣ ’ਤੇ ਆਪੋ-ਆਪਣੇ ਘਰਾਂ ਨੂੰ ਭੇਜਿਆ ਜਾ ਚੁੱਕਾ ਹੈ।