Domestic flight rules: ਨਵੀਂ ਦਿੱਲੀ: ਦੇਸ਼ ਵਿੱਚ 25 ਮਾਰਚ ਤੋਂ ਜਾਰੀ ਲਾਕਡਾਊਨ ਦੇ ਚੱਲਦਿਆਂ ਘਰੇਲੂ ਉਡਾਣਾਂ ਵੀ ਬੰਦ ਹਨ ਅਤੇ ਹੁਣ ਇਨ੍ਹਾਂ ਨੂੰ ਦੋ ਮਹੀਨਿਆਂ ਬਾਅਦ 25 ਮਈ ਤੋਂ ਮੁੜ ਸ਼ੁਰੂ ਕੀਤੀ ਜਾ ਰਿਹਾ ਹੈ। ਇੰਡੀਆ ਏਅਰਪੋਰਟ ਅਥਾਰਟੀ ਨੇ ਇਨ੍ਹਾਂ ਘਰੇਲੂ ਹਵਾਈ ਉਡਾਣਾਂ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਅਤੇ ਯਾਤਰੀਆਂ ਨੂੰ ਯਾਤਰਾ ਕਰਨ ਤੋਂ ਪਹਿਲਾਂ ਇਨ੍ਹਾਂ ਨੂੰ ਜਾਣਨ ਦੀ ਜ਼ਰੂਰਤ ਹੈ।
ਘਰੇਲੂ ਉਡਾਣਾਂ ਲੈਣ ਵਾਲੇ ਯਾਤਰੀਆਂ ਨੂੰ ਸਿਰਫ ਆਨਲਾਈਨ ਚੈੱਕ-ਇਨ ਯਾਨੀ ਵੈੱਬ ਚੈੱਕ-ਇਨ ਦੀ ਸਹੂਲਤ ਮਿਲੇਗੀ। ਯਾਤਰੀਆਂ ਨੂੰ ਯਾਤਰਾ ਤੋਂ ਪਹਿਲਾਂ ਵੈਬ ਚੈੱਕ-ਇਨ ਕੇ ਕੇ ਚੱਲਣਾ ਪਵੇਗਾ। ਇਸ ਤੋਂ ਇਲਾਵਾ ਯਾਤਰੀ ਸਿਰਫ ਇੱਕ ਚੈਕ-ਇਨ ਬੈਗੇਜ ਹੀ ਲਿਜਾ ਸਕਣਗੇ, ਯਾਨੀ ਕਿ ਕੈਬਿਨ ਬੈਗੇਜ ਲਿਜਾਣ ਦੀ ਸਹੂਲਤ ਫਿਲਹਾਲ ਉਪਲਬਧ ਨਹੀਂ ਹੋਵੇਗੀ । ਇਸਦੇ ਨਾਲ ਹੀ ਇੱਕ ਹੋਰ ਹਦਾਇਤ ਆਈ ਹੈ ਕਿ ਘਰੇਲੂ ਉਡਾਣਾਂ ‘ਤੇ ਯਾਤਰੀਆਂ ਨੂੰ ਖਾਣਾ ਨਹੀਂ ਦਿੱਤਾ ਜਾਵੇਗਾ, ਜਿਸ ਬਾਰੇ ਹਵਾਬਾਜ਼ੀ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ।
ਉੱਥੇ ਹੀ ਕੁਝ ਹੋਰ ਹਦਾਇਤਾਂ ਅਨੁਸਾਰ ਸਾਰੇ ਯਾਤਰੀਆਂ ਲਈ ਹਵਾਈ ਅੱਡੇ ‘ਤੇ ਦਸਤਾਨੇ ਅਤੇ ਮਾਸਕ ਪਹਿਨਣੇ ਜ਼ਰੂਰੀ ਹਨ ਅਤੇ ਸਾਰੀ ਯਾਤਰਾ ਦੇ ਦੌਰਾਨ ਵੀ ਇਨ੍ਹਾਂ ਨੂੰ ਪਾਉਣਾ ਜ਼ਰੂਰੀ ਹੋਵੇਗਾ। ਯਾਤਰੀਆਂ ਦੀ ਥਰਮਲ ਜਾਂਚ ਕੀਤੀ ਜਾਏਗੀ ਅਤੇ ਸਿਰਫ ਉਹੀ ਯਾਤਰੀ ਉਡਾਣ ਵਿੱਚ ਚੜ੍ਹ ਸਕਣਗੇ, ਜਿਨ੍ਹਾਂ ਨੂੰ ਕੋਰੋਨਾ ਵਾਇਰਸ ਦੀ ਲਾਗ ਦੇ ਕੋਈ ਲੱਛਣ ਨਹੀਂ ਹੋਣਗੇ। 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਇਲਾਵਾ ਸਾਰਿਆਂ ਨੂੰ ਅਰੋਗਿਆ ਸੇਤੂ ਐਪ ਨੂੰ ਫੋਨ ਵਿੱਚ ਰੱਖਣਾ ਜ਼ਰੂਰੀ ਹੋਵੇਗਾ।
ਦੱਸ ਦੇਈਏ ਕਿ ਯਾਤਰੀਆਂ ਨੂੰ ਯਾਤਰਾ ਦੀ ਸ਼ੁਰੂਆਤ ਤੋਂ 2 ਘੰਟੇ ਪਹਿਲਾਂ ਏਅਰਪੋਰਟ ‘ਤੇ ਪਹੁੰਚਣਾ ਲਾਜ਼ਮੀ ਹੈ। ਸਿਰਫ ਉਹ ਯਾਤਰੀ ਹਵਾਈ ਅੱਡੇ ਦੇ ਟਰਮੀਨਲ ਵਿੱਚ ਦਾਖਲ ਹੋਣ ਦੇ ਯੋਗ ਹੋਣਗੇ, ਜਿਨ੍ਹਾਂ ਦੀ ਫਲਾਈਟ 4 ਘੰਟੇ ਜਾਂ ਇਸ ਤੋਂ ਘੱਟ ਸਮੇਂ ਵਿੱਚ ਹੈ।