Harsimrat Badal Appeals To Ministry Of : ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਦਿੱਲੀ ਤੇ ਅੰਮ੍ਰਿਤਸਰ ਵਿਚਕਾਰ ਇਕ ਨਵਾਂ ਐਕਸਪ੍ਰੈਸਵੇਅ ਸੰਪਰਕ ਬਣਾਉਣ ਦੇ ਮੱਦੇਨਜ਼ਰ ਕੇਂਦਰੀ ਸੜਕ, ਆਵਾਜਾਈ ਅਤੇ ਹਾਈਵੇਅ ਮੰਤਰਾਲੇ ਨੂੰ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਪ੍ਰਾਜੈਕਟ ਦੀ ਸੇਧ ਵਿਚ ਸੋਧ ਕਰਨ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਇਸ ਨਵੀ ਸੋਧ ਰਾਹੀਂ ਪ੍ਰਸਤਾਵਿਤ ਐਕਸਪ੍ਰੈਸਵੇਅ ਨੂੰ ਸੁਲਤਾਨਪੁਰ ਲੋਧੀ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ ਅਤੇ ਤਰਨ ਤਾਰਨ ਦੇ ਗੁਰਧਾਮਾਂ ਨਾਲ ਜੋੜਿਆ ਜਾ ਸਕੇ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਚਿੱਠੀ ਲਿਖ ਕੇ ਇਸ ਮਾਮਲੇ ਵਿਚ ਦਖ਼ਲ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਉਹਨਾਂ ਨੂੰ ਅੰਮ੍ਰਿਤਸਰ ਦੇ ਨਾਗਰਿਕਾਂ ਅਤੇ ਦੇਸ਼ ਭਰ ਵਿਚੋਂ ਸਿੱਖਾਂ ਨੇ ਮਿਲ ਕੇ ਬੇਨਤੀ ਕੀਤੀ ਹੈ ਕਿ ਪ੍ਰਸਤਾਵਿਤ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਤਹਿਤ ਪਵਿੱਤਰ ਸ਼ਹਿਰ ਅੰਮ੍ਰਿਤਸਰ ਅਤੇ ਬਾਕੀ ਗੁਰਧਾਮਾਂ ਵਿਚ ਇੱਕ ਵਧੀਆ ਸੰਪਰਕ ਕਾਇਮ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਧਾਰਮਿਕ ਆਸਥਾ ਦਾ ਇੱਕ ਵੱਡਾ ਕੇਂਦਰ ਅਤੇ ਪੰਜਾਬ ਦੇ ਵੱਡੇ ਸ਼ਹਿਰਾਂ ਵਿਚੋਂ ਇੱਕ ਹੈ, ਜਿਸ ਦਾ ਦਿੱਲੀ ਨਾਲ ਨਿਰਵਿਘਨ ਸੰਪਰਕ ਜੋੜਣ ਦੀ ਲੋੜ ਹੈ। ਉਹਨਾਂ ਕਿਹਾ ਕਿ ਇਸ ਨਾਲ ਇਸ ਇਲਾਕੇ ਅੰਦਰ ਆਰਥਿਕ ਵਿਕਾਸ ਨੂੰ ਵੀ ਵੱਡਾ ਹੁਲਾਰਾ ਮਿਲੇਗਾ। ਬੀਬਾ ਬਾਦਲ ਨੇ ਇਹ ਵੀ ਸਪੱਸ਼ਟ ਕੀਤਾ ਕਿ ਮੌਜੂਦਾ ਐਕਸਪ੍ਰੈਸਵੇਅ ਪ੍ਰਾਜੈਕਟ ਕਰਤਾਰਪੁਰ ਤੋਂ ਮੌਜੂਦਾ ਐਨਐਚ-3 ਨੂੰ ਅਪਗਰੇਡ ਕਰਦਾ ਹੈ ਅਤੇ ਰਾਜਾਸਾਂਸੀ ਹਵਾਈ ਅੱਡੇ ਨਾਲ ਇੱਕ ਨਵਾਂ ਐਕਸਪ੍ਰੈਸਵੇਅ ਸੰਪਰਕ ਜੋੜਦਾ ਹੈ। ਉਹਨਾਂ ਕਿਹਾ ਕਿ ਪਰ ਕਰਤਾਰਪੁਰ ਤੋਂ ਇਹ ਐਕਸਪ੍ਰੈਸਵੇਅ ਇੱਕ ਵੱਖਰਾ ਰੂਟ ਲੈ ਕੇ ਕਾਦੀਆਂ ਅਤੇ ਗੁਰਦਾਸਪੁਰ ਵਿਚੋਂ ਦੀ ਗੁਜ਼ਰਦਾ ਹੋਇਆ ਜੰਮੂ ਅਤੇ ਕਸ਼ਮੀਰ ਅੰਦਰ ਦਾਖ਼ਲ ਹੁੰਦਾ ਹੈ। ਉਹਨਾਂ ਕਿਹਾ ਕਿ ਲੋਕਾਂ ‘ਚ ਇਹ ਭਾਵਨਾ ਪਾਈ ਜਾ ਰਹੀ ਹੈ ਕਿ ਇਤਿਹਾਸਕ ਧਰਮ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਅਤੇ ਦੁਰਗਿਆਣਾ ਮੰਦਿਰ ਅੰਮ੍ਰਿਤਸਰ ਅੰਦਰ ਸਥਿਤ ਹਨ , ਇਸ ਲਈ ਦਿੱਲੀ ਤੋਂ ਆਉਂਦੇ ਸ਼ਰਧਾਲੂਆਂ ਨੂੰ ਸਿੱਧਾ ਇਸ ਸ਼ਹਿਰ ਨਾਲ ਜੋੜਣ ਦੀ ਲੋੜ ਹੈ।
ਉਹਨਾਂ ਕਿਹਾ ਕਿ ਅੰਮ੍ਰਿਤਸਰ ਦੇ ਆਲੇ ਦੁਆਲੇ ਬਹੁਤ ਸਾਰੇ ਮਹੱਤਵਪੂਰਨ ਸਿੱਖ ਗੁਰਧਾਮ ਮੌਜੂਦ ਹਨ, ਇਸ ਲਈ ਇਹ ਨਵੀਂ ਸੇਧ ਸ਼ਰਧਾਲੂਆਂ ਲਈ ਇਹਨਾਂ ਸਾਰੇ ਗੁਰਧਾਮਾਂ ਦੇ ਦਰਸ਼ਨ ਕਰਨਾ ਸੌਖਾ ਬਣਾ ਦੇਵੇਗੀ। ਬੀਬਾ ਬਾਦਲ ਨੇ ਹਾਈਵੇਅ ਮੰਤਰਾਲੇ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਇਸ ਸਮੁੱਚੇ ਪ੍ਰਾਜੈਕਟ ਉੱਤੇ ਨਜ਼ਰ ਮਾਰਨ ਅਤੇ ਇਸ ਸੰਬੰਧੀ ਫੈਸਲਾ ਲੈਂਦੇ ਸਮੇਂ ਪਵਿੱਤਰ ਸ਼ਹਿਰ ਦੇ ਲੋਕਾਂ ਅਤੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਵੀ ਧਿਆਨ ਵਿਚ ਰੱਖਣ। ਉਹਨਾਂ ਕਿਹਾ ਕਿ ਮੌਜੂਦਾ ਹਾਈਵੇਅ ਨੂੰ ਅਪਗਰੇਡ ਕਰਨ ਦੀ ਬਜਾਇ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਪ੍ਰਾਜੈਕਟ ਵਿਚ ਲੋੜੀਂਦੀ ਸੋਧ ਕਰਕੇ ਇੱਕ ਵਾਧੂ ਐਕਸਪ੍ਰੈਸਵੇਅ ਰਾਹੀਂ ਅੰਮ੍ਰਿਤਸਰ ਨਾਲ ਸਿੱਧਾ ਸੰਪਰਕ ਜੋੜਿਆ ਜਾ ਸਕਦਾ ਹੈ।