Pakistani passenger jet crashes: ਕਰਾਚੀ: ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਸ (PIA) ਦਾ ਇੱਕ ਯਾਤਰੀ ਜਹਾਜ਼ ਸ਼ੁੱਕਰਵਾਰ ਨੂੰ ਜਿਨਾਹ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਕੋਲ ਸੰਘਣੀ ਆਬਾਦੀ ਵਾਲੇ ਰਿਹਾਇਸ਼ੀ ਇਲਾਕੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਵਿੱਚ ਘੱਟ ਤੋਂ ਘੱਟ 57 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ । ਪਾਕਿਸਤਾਨੀ ਮੀਡੀਆ ਅਨੁਸਾਰ ਇਹ ਜਹਾਜ਼ ਕਰਾਚੀ ਏਅਰਪੋਰਟ ਕੋਲ ਰਿਹਾਇਸ਼ੀ ਇਲਾਕੇ ਵਿੱਚ ਜਾ ਡਿੱਗਿਆ । ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਡਿੱਗਣ ਤੋਂ ਬਾਅਦ ਕਈ ਘਰਾਂ ਵਿੱਚ ਅੱਗ ਲੱਗ ਗਈ । ਇਹ ਹਾਦਸਾ ਲੈਂਡਿੰਗ ਤੋਂ ਕੁਝ ਸਮਾਂ ਪਹਿਲਾਂ ਵਾਪਰਿਆ । ਮਿਲੀ ਜਾਣਕਾਰੀ ਅਨੁਸਾਰ ਇਸ ਜਹਾਜ਼ ਵਿੱਚ ਕੁੱਲ 99 ਲੋਕ ਸਵਾਰ ਸਨ । ਜਿਸ ਵਿਚੋਂ 91 ਯਾਤਰੀ ਅਤੇ 8 ਕਰੂ ਮੈਂਬਰ ਸਨ ।
ਪੀਆਈਏ ਦੇ ਬੁਲਾਰੇ ਅਬਦੁੱਲ ਸੱਤਾਰ ਵੱਲੋਂ ਇਸ ਹਾਦਸੇ ਦੀ ਪੁਸ਼ਟੀ ਕੀਤੀ ਗਈ ਹੈ । ਉਨ੍ਹਾਂ ਦੱਸਿਆ ਕਿ ਫਲਾਈਟ ਪੀਕੇ-8303 ਲਾਹੌਰ ਤੋਂ ਆ ਰਹੀ ਸੀ ਤੇ ਕਰਾਚੀ ਉਤਰਣ ਵਾਲੀ ਸੀ ਕਿ ਇਕ ਮਿੰਟ ਪਹਿਲਾਂ ਹੀ ਮਾਲਿਰ ਦੇ ਮਾਡਲ ਕਾਲੋਨੀ ਦੇ ਨੇੜੇ ਜਿਨਾਹ ਗਾਰਡਨ ਵਿੱਚ ਹਾਦਸਾਗ੍ਰਸਤ ਹੋ ਗਈ । ਇਸ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਘਟਨਾ ਵਾਲੀ ਥਾਂ ਤੋਂ ਧੂੰਆਂ ਉੱਠਦਾ ਹੋਈਆਂ ਦਿਖਾਈ ਦੇ ਰਿਹਾ ਹੈ।
ਇਸ ਸਬੰਧੀ ਈਧੀ ਨੇ ਕਿਹਾ ਕਿ ਅਜਿਹੇ 20-30 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ, ਜਿਨ੍ਹਾਂ ਦੇ ਘਰਾਂ ਨੂੰ ਇਸ ਜਹਾਜ਼ ਨਾਲ ਨੁਕਸਾਨ ਪਹੁੰਚਿਆ ਹੈ । ਉਨ੍ਹਾਂ ਵਿਚੋਂ ਵਧੇਰੇ ਅੱਗ ਨਾਲ ਝੁਲਸ ਗਏ ਸਨ । ਕ੍ਰੈਸ਼ ਲੈਂਡਿੰਗ ਦੌਰਾਨ ਜਹਾਜ਼ ਦੇ ਪੰਖ ਰਿਹਾਇਸ਼ੀ ਕਾਲੋਨੀ ਦੇ ਘਰਾਂ ਨਾਲ ਟਕਰਾ ਗਏ ਤੇ ਇਸ ਤੋਂ ਬਾਅਦ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ । ਈਧੀ ਨੇ ਕਿਹਾ ਕਿ ਇਸ ਹਾਦਸੇ ਵਿੱਚ ਘੱਟ ਤੋਂ ਘੱਟ 25 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ।
ਪਾਕਿਸਤਾਨ ਏਅਰ ਲਾਈਨ ਦੇ ਸੀਈਓ ਅਰਸ਼ਦ ਮਲਿਕ ਨੇ ਕਿਹਾ ਕਿ ਇਸ ਹਾਦਸੇ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ । ਉਨ੍ਹਾਂ ਕਿਹਾ ਕਿ ਕਰਾਚੀ ਵਿੱਚ ਲੈਂਡਿੰਗ ਤੋਂ ਪਹਿਲਾਂ ਪਾਇਲਟ ਨੇ ਕਿਹਾ ਸੀ ਕਿ ਤਕਨੀਕੀ ਸਮੱਸਿਆ ਆ ਰਹੀ ਹੈ । ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਕਰਾਚੀ ਦੇ ਦੋਵੇਂ ਰਨਵੇ ਲੈਂਡਿੰਗ ਲਈ ਤਿਆਰ ਹਨ, ਪਰ ਉਨ੍ਹਾਂ ਨੇ ਜਹਾਜ਼ ਨੂੰ ਉਡਾਉਣਾ ਬਿਹਤਰ ਸਮਝਿਆ।