Government will procure wheat : ਭਾਰਤ ਸਰਕਾਰ ਵੱਲੋਂ ਇਕ ਪੱਤਰ ਜਾਰੀ ਕਰਕੇ ਪੰਜਾਬ ਵਿੱਚ ਰਬੀ ਸੀਜ਼ਨ 2020-21 ਦੌਰਾਨ ਕਣਕ ਦੀ ਸਰਕਾਰੀ ਖਰੀਦ ਮਿਤੀ 31 ਮਈ, 2020 ਤੱਕ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਬਾਰੇ ਸਾਰੇ ਕਿਸਾਨਾਂ ਤੇ ਆੜ੍ਹਤੀਆਂ ਨੂੰ ਸੂਚਿਤ ਕੀਤਾ ਜਾ ਰਿਹਾ ਹੈ ਤਾਂਜੋ ਉਹ ਸਮੇਂ ਸਿਰ ਆਪਣੀ ਫਸਲ ਮੰਡੀ ਵਿਚ ਲਿਆ ਸਕਣ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਭਾਰਤ ਸਰਕਾਰ, ਖੁਰਾਕ ਮੰਤਰਾਲਾ ਨਵੀਂ ਦਿੱਲੀ ਵੱਲੋਂ ਰਬੀ ਸੀਜ਼ਨ 2020-21 ਦੌਰਾਨ ਪੰਜਾਬ ਰਾਜ ਵਿਚ ਕਣਕ ਦੀ ਸਰਕਾਰੀ ਖਰੀਦ ਦੇ ਸੀਜ਼ਨ ਦਾ ਸਮਾਂ ਮਿਤੀ 15 ਅਪ੍ਰੈਲ, 2020 ਤੋਂ 31 ਮਈ, 2020 ਤੱਕ ਦਾ ਨਿਰਧਾਰਤ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਇਸ ਸਬੰਧੀ ਜਾਣਕਾਰੀ ਪੰਜਾਬ ਮੰਡੀ ਬੋਰਡ ਦੇ ਪੋਰਟਲ ਰਾਹੀਂ ਆੜਤੀਆਂ ਅਤੇ ਕਿਸਾਨਾਂ ਦੇ ਰਜਿਸ਼ਟਰਡ ਮੋਬਾਇਲ ਨੰਬਰਾਂ ਅਤੇ ਫੀਲਡ ਅਮਲੇ ਰਾਹੀਂ ਸਮੂਹ ਆੜਤੀਆਂ ਅਤੇ ਕਿਸਾਨਾਂ ਦੇ ਬਣਾਏ ਗਏ ਵੱਟਸਐਪ ਗਰੁੱਪਾਂ ਰਾਹੀਂ ਕਣਕ ਦੀ ਖਰੀਦ ਦੇ ਸਮੇਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ ਤਾਂ ਜੋ ਕਿਸਾਨਾਂ ਵੱਲੋਂ ਮਿਤੀ 31 ਮਈ, 2020 ਤੋਂ ਪਹਿਲਾਂ-ਪਹਿਲਾਂ ਸਾਰੀ ਕਣਕ ਮੰਡੀਆਂ ਵਿਚ ਲਿਆਂਦੀ ਜਾ ਸਕੇ ਅਤੇ ਕੋਈ ਵੀ ਕਿਸਾਨ ਆਪਣੀ ਫਸਲ ਮੰਡੀ ਵਿਚ ਵੇਚਣ ਤੋਂ ਵਾਝਾਂ ਨਾ ਰਹਿ ਜਾਵੇ। ਉਹਨਾਂ ਦੱਸਿਆ ਕਿ ਰਬੀ ਸੀਜ਼ਨ 2020-21 ਦੌਰਾਨ ਜਿਨ੍ਹਾਂ ਮੰਡੀਆਂ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਕਣਕ ਦੀ ਕੋਈ ਆਮਦ ਨਹੀਂ ਹੋਈ ਹੈ, ਅਜਿਹੀਆਂ ਮੰਡੀਆਂ ਨੂੰ ਵੀ ਖਰੀਦ ਲਈ ਹੌਲੀ ਹੌਲੀ ਬੰਦ ਕਰਨ ਸਬੰਧੀ ਕਾਰਵਾਈ ਅਮਲ ਵਿੱਚ ਲਿਆਉਣ ਦੀ ਸ਼ੂਰੁ ਕਰ ਦਿੱਤੀ ਗਈ ਹੈ। ਇਥੇ ਦੱਸਣਯੋਗ ਹੈ ਕਿ ਪੰਜਾਬ ਰਾਜ ਵਿਚ ਹੁਣ ਤੱਕ 125 ਲੱਖ ਮੀਟ੍ਰਿਕ ਟਨ ਤੋਂ ਜ਼ਿਾਦਾ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ।