Terrible fire at Ludhiana : ਪੰਜਾਬ ਵਿਚ ਲੱਗੇ ਲੌਕਡਾਊਨ ਦੌਰਾਨ ਲੁਧਿਆਣਾ ਵਿਚ ਚੀਮਾ ਚੌਕ ਦੇ ਕੋਲ ਸਥਿਤ ਧਾਗਾ ਫੈਕਟਰੀ ਨੂੰ ਅਚਾਨਕ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਇਸ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 100 ਤੋਂ ਵੱਧ ਗੱਡੀਆਂ ਲੱਗੀਆਂ। ਦੋ ਮੰਜ਼ਿਲਾ ਇਮਾਰਤ ਵਿਚ ਅੱਗ ਲੱਗਣ ਨਾਲ ਆਲੇ ਦੁਆਲੇ ਦੇ ਲੋਕਾਂ ਵਿਚ ਹਫਤਾ ਦਫੜੀ ਮਚ ਗਈ ਜਿਸ ਮਗਰੋਂ ਫਾਇਰ ਬ੍ਰਿਗੇਡ ਨੂੰ ਸੱਦਿਆ ਗਿਆ ਤੇ ਅੱਗ ਬੁਝਾਊ ਅਮਲੇ ਦੀਆਂ ਗੱਡੀਆਂ ਨੇ ਆ ਕੇ ਅੱਗ ‘ਤੇ ਕਾਬੂ ਪਾਇਆ। ਅੱਗ ਲੱਗਣ ਵੇਲੇ ਫੈਕਟਰੀ ਲੌਕਡਾਊਨ ਕਾਰਨ ਬੰਦ ਸੀ ਤੇ ਇਥੇ ਕੋਈ ਕੰਮ ਨਹੀਂ ਚਲ ਰਿਹਾ ਸੀ। ਸਕਿਓਰਿਟੀ ਗਾਰਡ ਨੇ ਅੱਗ ਲੱਗਣ ਦੀ ਸੂਚਨਾ ਫੈਕਟਰੀ ਮਾਲਕ ਨੂੰ ਦਿੱਤੀ।
ਜ਼ਿਕਰਯੋਗ ਹੈ ਕਿ ਜਿਥੇ ਇਹ ਫੈਕਟਰੀ ਸਥਿਤ ਹੈ, ਉਸ ਦੇ ਨਾਲ ਇਕ ਵਿਹੜਾ ਹੈ, ਜਿਥੇ 500 ਕਿਰਤੀ ਮਜ਼ਦੂਰ ਪਰਿਵਾਰ ਇਕੱਠੇ ਰਹਿੰਦੇ ਹਨ। ਅੱਗ ਲੱਗਣ ਤੋਂ ਬਾਅਦ ਇਨ੍ਹਾਂ ਲੋਕਾਂ ਨੂੰ ਉਥੋਂ ਕੱਢ ਦਿੱਤਾ ਗਿਆ। ਚੰਗੀ ਕਿਸਮਤ ਨਾਲ ਇਸ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਨਾਲ ਫੈਕਟਰੀ ਵਿਚ ਕਾਫੀ ਨੁਕਸਾਨ ਹੋਇਆ। ਧਾਗਾ ਮਿਲ ਵਿਚ ਅੱਗ ਲਗਣ ਦੀ ਜਾਣਕਾਰੀ ਮਿਲਣ ’ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਫੈਕਟਰੀ ’ਚ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ।
ਮੌਕੇ ‘ਤੇ ਪਹੁੰਚੇ ਫਾਇਰ ਬ੍ਰਿਗੇਡ ਅਫਸਰ ਸ੍ਰਿਸ਼ਟੀ ਨਾਥ ਸ਼ਰਮਾ ਨੇ ਦੱਸਿਆ ਕਿ ਉਹਨਾਂ ਨੂੰ 12 ਵਜੇ ਦੇ ਕਰੀਬ ਅੱਗ ਲੱਗਣ ਦੀ ਜਾਣਕਾਰੀ ਮਿਲੀ ਸੀ ਜਿਸ ਮਗਰੋਂ ਤੁਰੰਤ ਗੱਡੀਆਂ ਮੌਕੇ ਵੱਲ ਰਵਾਨਾ ਕੀਤੀਆਂ ਗਈਆਂ। ਇਸ ਦੌਰਾਨ ਕੋਈ ਜਾਨੀ ਨੁਕਸਾਲ ਨਹੀਂ ਹੋਇਆ ਪਰ ਅੱਗ ਬੁਝਾਉਣ ਲਈ ਕਾਫੀ ਮੁਸ਼ੱਕਤ ਕਰਨੀ ਪਈ।