Funeral of Balbir Singh : ਤਿੰਨ ਵਾਰ ਸੋਨ ਤਮਗਾ ਜੇਤੂ ਓਲੰਪਿਕ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਅੱਜ ਸਵੇਰੇ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਅਕਾਲ ਪੁਰਖ ਦੇ ਚਰਨਾਂ ’ਚ ਲੀਨ ਹੋ ਗਏ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਚੰਡੀਗੜ੍ਹ ਵਿਚ ਦੇ ਸੈਕਟਰ-25 ਦੇ ਸ਼ਮਸ਼ਾਨ ਘਾਟ ਵਿਚ ਸ਼ਾਮ ਸਾਢੇ 5 ਵਜੇ ਹੋਵੇਗਾ, ਜਿਥੇ ਉਨ੍ਹਾਂ ਨੂੰ ਪੂਰੇ ਰਾਜਕੀ ਸਨਮਾਨ ਨਾਲ ਅੰਤਿਮ ਵਿਦਾਈ ਦਿੱਤੀ ਜਾਵੇਗੀ। ਦੱਸਣਯੋਗ ਹੈ ਕਿ 95 ਸਾਲਾ ਬਲਬੀਰ ਸਿੰਘ ਪਿਛਲੇ ਲੰਮੇ ਸਮੇਂ ਤੋਂ ਮੈਡੀਕਲ ਸਮੱਸਿਆਵਾਂ ਨਾਲ ਜੂਝ ਰਹੇ ਸਨ। ਪਿਛਲ ਕੁਝ ਦਿਨਾਂ ਤੋਂ ਹਾਲਤ ਜ਼ਿਆਦਾ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਜਿਥੇ ਉਨ੍ਹਾਂ ਦਾ ਅੱਜ ਸਵੇਰੇ 6 ਵਜੇ ਦਿਹਾਂਤ ਹੋ ਗਿਆ।
ਬਲਬੀਰ ਸਿੰਘ ਦਾ ਜਨਮ 10 ਅਕਤੂਬਰ 1924 ਨੂੰ ਫਿਲੌਰ ਵਿੱਚ ਹੋਇਆ ਸੀ,ਬਲਬੀਰ ਸਿੰਘ ਨੇ ਸਿੱਖ ਨੈਸ਼ਨਲ ਕਾਲਜ ਲਾਹੌਰ ਵਿੱਚ ਵੀ ਦਾਖ਼ਲਾ ਲਿਆ ਸੀ, ਹਾਕੀ ਦੀ ਖੇਡ ਕਰਕੇ ਉਨ੍ਹਾਂ ਨੂੰ ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਸੱਦੇ ਆਉਣ ਲੱਗੇ,ਖ਼ਾਲਸਾ ਕਾਲਜ ਵੱਲੋਂ ਖੇਡਦਿਆਂ ਬਲਬੀਰ ਸਿੰਘ ਨੂੰ ਕਦੇ ਵੀ ਕਪਤਾਨੀ ਦਾ ਮੌਕਾ ਨਹੀਂ ਮਿਲਿਆ ਪਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਟੀਮ ਤੋਂ ਲੈਕੇ ਭਾਰਤੀ ਟੀਮ ਤੱਕ ਦੀ ਉਨ੍ਹਾਂ ਨੂੰ ਕਪਤਾਨੀ ਕਰਨ ਦਾ ਮੌਕਾ ਜ਼ਰੂਰ ਮਿਲਿਆ,ਬਲਬੀਰ ਸਿੰਘ ਸੀਨੀਅਰ ਦੀ ਕਪਤਾਨ ਵਿੱਚ ਪੰਜਾਬ ਨੇ ਨੈਸ਼ਨਲ ਚੈਂਪੀਅਨਸ਼ਿਪ ਤਿੰਨ ਵਾਰ ਜਿੱਤ ਕੇ ਹੈਟ੍ਰਿਕ ਪੂਰੀ ਕੀਤੀ ਸੀ,ਉਨ੍ਹਾਂ ਦੀ ਕਪਤਾਨੀ ਵਿੱਚ ਸੂਬਾ 6 ਵਾਰ ਕੌਮੀ ਚੈਂਪੀਅਨ ਬਣਿਆ,ਬਲਬੀਰ ਸਿੰਘ ਸੀਨੀਅਰ ਪਹਿਲੀ ਵਾਰ ਭਾਰਤ ਵੱਲੋਂ 1947 ਵਿੱਚ ਸ੍ਰੀਲੰਕਾ ਦੇ ਦੌਰੇ ‘ਤੇ ਗਏ ਸਨ।
ਦੱਸਣਯੋਗ ਹੈ ਕਿ ਬਲਬੀਰ ਸਿੰਘ ਸੀਨੀਅਰ ਨੇ ਭਾਰਤ ਵੱਲੋਂ ਤਿੰਨ ਓਲੰਪਿਕ ਟੂਰਨਾਮੈਂਟ ਖੇਡੇ,ਉਨ੍ਹਾਂ ਨੇ ਹਾਕੀ ਵਿੱਚ ਸ਼ੁਰੂਆਤ ਗੋਲ ਕੀਪਰ ਦੇ ਤੌਰ ‘ਤੇ ਕੀਤੀ ਸੀ ਪਰ ਬਾਅਦ ਵਿੱਚੋਂ ਉਨ੍ਹਾਂ ਨੇ ਟੀਮ ਇੰਡੀਆ ਦੀ ਫਾਰਵਰਡ ਲਾਈਨ ਦੀ ਕਮਾਨ ਇਸ ਕਦਰ ਸੰਭਾਲੀ ਕੀ ਵਿਰੋਧੀ ਟੀਮਾਂ ਦੇ ਪਸੀਨੇ ਛੁਡਾ ਦਿੱਤੇ। ਬਲਬੀਰ ਸਿੰਘ ਨੇ ਗੋਲ ਕਰਨ ਦੇ ਕਈ ਵਰਲਡ ਰਿਕਾਰਡ ਆਪਣੇ ਨਾ ਕੀਤੇ ਜੋ ਹੁਣ ਤੱਕ ਨਹੀਂ ਟੁੱਟ ਸਕੇ। 1948 ਲੰਡਨ ਓਲੰਪਿਕ, 1952 ਹੈਲਸਿੰਕੀ ਓਲੰਪਿਕ, 1956 ਦਾ ਮੈਲਬਾਰਨ ਓਲੰਪਿਕ ਵਿੱਚ ਸੋਨ ਤਗਮਾ ਜਿੱਤ ਕੇ ਹੈਟ੍ਰਿਕ ਬਣਾਈ, ਭਾਰਤ ਦੇ ਆਜ਼ਾਦ ਹੋਣ ਤੋਂ ਬਾਅਦ ਲਗਾਤਾਰ ਇਹ ਤਿੰਨ ਤਮਗੇ ਸਨ। ਇਸ ਤੋਂ ਪਹਿਲਾਂ ਹਾਕੀ ਦੇ ਜਾਦੂਗਰ ਰਹੇ ਮੇਜਰ ਧਿਆਨ ਚੰਦ ਨੇ 1928, 1932, 1936 ਵਿੱਚ ਲਗਾਤਾਰ ਤਿੰਨ ਸੋਨ ਤਮਗੇ ਹਾਸਲ ਕੀਤੇ ਸਨ