Minister Tripat Bajwa instructed : ਪੰਜਾਬ ਦੇ ਪਿੰਡਾਂ ਦੇ ਛੱਪੜਾਂ ਨੂੰ ਸਾਫ਼ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਉੱਤੇ ਤਸੱਲੀ ਪ੍ਰਗਟ ਕਰਦਿਆਂ, ਸੂਬੇ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਵਿਭਾਗ ਦੇ ਅਧਿਕਾਰੀਆਂ ਅਤੇ ਪੰਚਾਇਤਾਂ ਨੂੰ ਇਸ ਮੁਹਿੰਮ ਵਿਚ ਹੋਰ ਤੇਜ਼ੀ ਲਿਆਉਣ ਲਈ ਕਿਹਾ ਹੈ ਤਾਂ ਕਿ ਇਹ ਕਾਰਜ ਹਰ ਹਾਲਤ 10 ਜੂਨ ਤੱਕ ਮੁਕੰਮਲ ਕੀਤਾ ਜਾ ਸਕੇ। ਬਾਜਵਾ ਨੇ ਕਿਹਾ ਕਿ 11 ਮਈ ਨੂੰ ਸ਼ੁਰੂ ਕੀਤੀ ਗਈ ਇਸ ਮੁਹਿੰਮ ਤਹਿਤ ਸੂਬੇ ਭਰ ਵਿਚ 12451 ਛੱਪੜਾਂ ਵਿਚੋਂ ਹੁਣ ਤੱਕ 3848 ਦਾ ਪਾਣੀ ਕੱਢਿਆ ਜਾ ਚੁੱਕਿਆ ਹੈ ਜਦੋਂ ਕਿ 4500 ਛੱਪੜਾਂ ਵਿਚੋਂ ਪਾਣੀ ਕੱਢਣ ਦਾ ਕੰਮ ਚੱਲ ਰਿਹਾ ਹੈ, ਜੋ ਆਉਣ ਵਾਲੇ ਦੋ ਤਿੰਨ ਦਿਨਾਂ ਵਿਚ ਮੁਕੰਮਲ ਹੋ ਜਾਵੇਗਾ।
ਉਨ੍ਹਾਂ ਦਸਿਆ ਕਿ ਸੂਬੇ ਦੇ 297 ਛੱਪੜਾਂ ਵਿਚੋਂ ਗਾਰ ਕੱਢ ਕੇ ਸਾਫ਼ ਕੀਤੇ ਜਾ ਚੁੱਕੇ ਹਨ ਅਤੇ 1304 ਛੱਪੜਾਂ ਵਿਚੋਂ ਗਾਰ ਕੱਢਣ ਦਾ ਕੰਮ ਜਾਰੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਵਿਭਾਗ ਵਲੋਂ ਕਰਵਾਏ ਗਏ ਸਰਵੇਖਣ ਅਨੁਸਾਰ ਸੂਬੇ ਦੇ 12451 ਛੱਪੜਾਂ ਵਿਚੋਂ ਪਾਣੀ ਕੱਢਣ ਦੀ ਜਰੂਰਤ ਹੈ ਜਦੋਂ ਕਿ 7649 ਛੱਪੜਾਂ ਵਿਚੋਂ ਗਾਰ ਵੀ ਕੱਢਣ ਦੀ ਲੋੜ ਹੈ। ਪੇਂਡੂ ਵਿਕਾਸ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਹਿਦਾਇਤ ਦਿੱਤੀ ਕਿ ਸੂਬੇ ਦੇ ਰਹਿੰਦੇ 4103 ਛੱਪੜਾਂ ਵਿਚੋਂ ਪਾਣੀ ਕੱਢਣ ਦਾ ਕੰਮ ਤੁਰੰਤ ਚਾਲੂ ਕਰਵਾਇਆ ਜਾਵੇ ਤਾਂ ਕਿ 10 ਜੂਨ ਤੱਕ ਸੂਬੇ ਦਾ ਇੱਕ ਵੀ ਛੱਪੜ ਸਾਫ਼ ਹੋਣ ਤੋਂ ਨਾ ਰਹਿ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਗਾਰ ਕੱਢਣ ਦੇ ਕੰਮ ਵਿਚ ਪਿੰਡ ਦੇ ਕਿਰਤੀਆਂ ਤੋਂ ਕਰਵਾਇਆ ਜਾਵੇ ਤਾਂ ਕਿ ਉਨ੍ਹਾਂ ਨੂੰ ਇਸ ਸੰਕਟ ਦੀ ਘੜੀ ਵਿਚ ਕੰਮ ਮਿਲ ਸਕੇ।ਪੇਂਡੂ ਵਿਕਾਸ ਮੰਤਰੀ ਨੇ ਦਸਿਆ ਕਿ ਸੂਬੇ ਦੇ ਪਿੰਡਾਂ ਦੇ ਵਾਤਾਵਰਣ ਨੂੰ ਸਾਫ਼-ਸੁਥਰਾ ਅਤੇ ਸਿਹਤਮੰਦ ਬਣਾਉਣ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਥਾਪਰ ਯੂਨੀਵਰਸਿਟੀ ਤੋਂ ਤਿਆਰ ਕਰਵਾਏ ਗਏ ਕਿਫ਼ਾਇਤੀ ਮਾਡਲ ਅਨੁਸਾਰ ਪੰਜਾਬ ਦੇ ਸਾਰੇ ਛੱਪੜਾਂ ਨੂੰ ਪੜਾਅਵਾਰ ਸੀਵੇਜ ਟਰੀਟਮੈਂਟ ਪਲਾਂਟਾਂ ਵਿਚ ਬਦਲਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਪਿੰਡਾਂ ਦੇ ਗੰਦੇ ਪਾਣੀ ਇਹਨਾਂ ਪਲਾਂਟਾਂ ਰਾਹੀਂ ਸੋਧ ਕੇ ਕਿਸਾਨਾਂ ਨੂੰ ਸਿੰਚਾਈ ਲਈ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਵਿਭਾਗ ਇਸ ਮਨੌਤ ਨੂੰ ਲਾਗੂ ਕਰਨ ਦੀ ਕੋਸ਼ਿਸ਼ ਵਿਚ ਹੈ ਕਿ ਸਫ਼ਾਈ ਹੀ ਖੁਦਾਈ ਹੈ।ਇਸੇ ਦੌਰਾਨ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਵਿੱਤੀ ਕਮਿਸ਼ਨਰ ਸੀਮਾ ਜੈਨ ਨੇ ਦਸਿਆ ਕਿ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਇੱਕ ਇੱਕ ਜ਼ਿਲੇ ਦਾ ਇੰਚਾਰਜ ਬਣਾ ਕੇ ਛੱਪੜਾਂ ਦੀ ਸਫ਼ਾਈ ਦੀ ਮੁਹਿੰਮ ਪੂਰੇ ਵਿਉਂਤਬੱਧ ਤਰੀਕੇ ਨਾਲ ਚਲਾਈ ਜਾ ਰਹੀ ਹੈ। ਉਨ੍ਹਾਂ ਭਰੋਸਾ ਪ੍ਰਗਟ ਕੀਤਾ ਕਿ ਵਿਭਾਗ ਦੇ ਅਧਿਕਾਰੀਆਂ, ਪਿੰਡਾਂ ਦੀਆਂ ਪੰਚਾਇਤਾਂ ਅਤੇ ਲੋਕਾਂ ਦੇ ਸਹਿਯੋਗ ਨਾਲ ਇਹ ਬਹੁਤ ਹੀ ਮਹੱਤਵਪੂਰਨ ਕਾਰਜ ਸਮੇਂ ਸਿਰ ਨਿਬੇੜ ਲਿਆ ਜਾਵੇਗਾ। ਇਥੇ ਇਹ ਵਰਨਣਯੋਗ ਹੈ ਕਿ ਸੂਬੇ ਦੇ ਪੇਂਡੂ ਵਿਕਾਸ ਵਿਭਾਗ ਨੇ ਤੰਦਰੁਸਤ ਪੰਜਾਬ, ਮਿਸ਼ਨ ਦੇ ਸਹਿਯੋਗ ਨਾਲ ਵਰਖਾ ਰੁੱਤ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਪੰਜਾਬ ਦੇ ਸਾਰੇ ਛੱਪੜਾਂ ਵਿਚੋਂ ਪਾਣੀ ਅਤੇ ਗਾਰ ਕੱਢ ਕੇ ਸਾਫ਼ਕਰਨ ਤੋਂ ਬਾਅਦ ਇਹਨਾਂ ਵਿਚ ਸਾਫ਼ ਪਾਣੀ ਪਾਉਣ ਦੀ ਮੁਹਿੰਮ ਵਿੱਢੀ ਹੋਈ ਹੈ।