Corona outbreak continues : ਕੋਰੋਨਾ ਵਿਰੁੱਧ ਹਰੇਕ ਦੇਸ਼ ਜੰਗ ਲੜ ਰਿਹਾ ਹੈ ਤੇ ਇਸ ਨੂੰ ਕੰਟਰੋਲ ਕਰਨ ਲਈ ਵੈਕਸੀਨ ਲੱਭਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਸੂਬੇ ਵਿਚ ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਹੁਸ਼ਿਆਰਪੁਰ ਵਿਖੇ ਅੱਜ ਕੋਰੋਨਾ ਵਾਇਰਸ ਦੇ 4 ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਹ ਟਾਂਡਾ ਦੇ ਪਿੰਡ ਨੰਗਲੀ ਦੇ ਰਹਿਣ ਵਾਲੇ ਹਨ। ਪਾਜੀਟਿਵ ਕੇਸਾਂ ਵਿਚ ਲਖਵਿੰਦਰ ਸਿੰਘ ਦੇ 3 ਪਰਿਵਾਰਕ ਮੈਂਬਰ ਤੇ ਇਕ ਹੋਰ ਪਿੰਡ ਵਾਸੀ ਹੈ। ਹੁਸ਼ਿਆਰਪੁਰ ਵਿਚ ਕੁੱਲ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ 111 ਹੋ ਗਈ ਹੈ ਤੇ ਪ੍ਰਸ਼ਾਸਨ ਦੀ ਚਿੰਤਾ ਵਧਦੀ ਜਾ ਰਹੀ ਹੈ।
ਪਿਛਲੇ ਦਿਨੀਂ ਹੁਸ਼ਿਆਰਪੁਰ ਵਿਖੇ ਕੋਰੋਨਾ ਨਾਲ ਮਰੇ ਲਖਵਿੰਦਰ ਸਿੰਘ ਦੇ ਸੰਪਰਕ ਵਿਚ 6 ਮਰੀਜ਼ ਆਏ ਸਨ। ਇਹ ਚਾਰ ਮਰੀਜ਼ ਜਿਨ੍ਹਾਂ ਦੀ ਰਿਪੋਰਟ ਅੱਜ ਪਾਜੀਟਿਵ ਆਈ ਹੈ, ਇਹ ਵੀ ਇਨ੍ਹਾਂ ਦੇ ਸੰਪਰਕ ਵਿਚ ਸਨ। ਇਸ ਤਰ੍ਹਾਂ ਪਿੰਡ ਨੰਗਲੀ ਦੇ ਜਲਾਲਪੁਰ ਵਿਖੇ ਕੋਵਿਡ-19 ਮਰੀਜ਼ਾਂ ਦੀ ਗਿਣਤੀ 10 ਤਕ ਪੁੱਜ ਗਈ ਹੈ। ਮ੍ਰਿਤਕ ਲਖਵਿੰਦਰ ਸਿੰਘ ਦੇ 5 ਪਰਿਵਾਰਕ ਮੈਂਬਰ ਵੀ ਕੋਰੋਨਾ ਦੀ ਲਪੇਟ ਵਿਚ ਆ ਚੁੱਕੇ ਹਨ ਅਤੇ ਨਾਲ ਹੀ ਇਹ ਵੀ ਸੂਚਨਾ ਮਿਲੀ ਹੈ ਕਿ ਲਖਵਿੰਦਰ ਸਿੰਘ ਦੇ ਬਾਕੀ ਰਹਿੰਦੇ 3 ਰਿਸ਼ਤੇਦਾਰ ਜਿਹੜੇ ਮੁਕੇਰੀਆਂ ਵਿਖੇ ਰਹਿੰਦੇ ਹਨ, ਦੀ ਰਿਪੋਰਟ ਵੀ ਕੋਰੋਨਾ ਪਾਜੀਟਿਵ ਪਾਈ ਗਈ ਹੈ।
ਪਿਛਲੇ ਕੁਝ ਦਿਨਾਂ ਵਿਚ ਜਿਥੇ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵਧ ਰਹੀ ਹੈ ਉਥੇ ਨਾਲ ਹੀ ਅਜਿਹੇ ਵੀ ਬਹੁਤ ਸਾਰੇ ਰਿਕਵਰੀ ਕੇਸ ਆਏ ਹਨ ਜਿਥੇ ਮਰੀਜ਼ਾਂ ਨੇ ਇਸ ਵਾਇਰਸ ‘ਤੇ ਜਿੱਤ ਪ੍ਰਾਪਤ ਕੀਤੀ ਹੈ। ਨਵੀਂ ਨੀਤੀ ਮੁਤਾਬਕ ਸੂਬੇ ਦੇ ਵੱਖ-ਵੱਖ ਹਸਪਤਾਲਾਂ ਵਿਚੋਂ ਵੱਡੀ ਗਿਣਤੀ ਵਿਚ ਬਹੁਤ ਸਾਰੇ ਮਰੀਜ਼ਾਂ ਨੂੰ ਸਿਹਤਯਾਬ ਕਰਕੇ ਘਰਾਂ ਨੂੰ ਭੇਜਿਆ ਜਾ ਚੁੱਕਾ ਹੈ ਤੇ ਪੰਜਾਬ ਦੇ ਬਹੁਤ ਸਾਰੇ ਜਿਲ੍ਹੇ ਅਜਿਹੇ ਹਨ ਜਿਹੜੇ ਕੋਰੋਨਾ ਮੁਕਤ ਹੋ ਗਏ ਹਨ। ਪੰਜਾਬ ਵਿਚ ਹੁਣ ਤਕ ਇਸ ਵਾਇਰਸ ਨਾਲ 40 ਮੌਤਾਂ ਹੋ ਚੁੱਕੀਆਂ ਹਨ ਤੇ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਵਾਰ-ਵਾਰ ਇਸ ਵਾਇਰਸ ਤੋਂ ਬਚਾਅ ਲਈ ਐਡਵਾਈਜਰੀ ਵੀ ਜਾਰੀ ਕੀਤੀ ਜਾ ਰਹੀ ਹੈ ਤਾਂ ਜੋ ਇਸ ਵਾਇਰਸ ਦੇ ਵਧਦੇ ਲਾਗ ਨੂੰ ਕੰਟਰੋਲ ਕੀਤਾ ਜਾ ਸਕੇ।