Rahul Gandhi speaks experts: ਨਵੀਂ ਦਿੱਲੀ: ਦੁਨੀਆ ਭਰ ਵਿੱਚ ਫੈਲੇ ਕੋਰੋਨਾ ਵਾਇਰਸ ਵਿਚਾਲੇ ਭਾਰਤ ‘ਤੇ ਇਸਦਾ ਪੈਣ ਵਾਲਾ ਪ੍ਰਭਾਵ ਅਤੇ ਲਾਕਡਾਊਨ ਖੋਲ੍ਹਣ ਦੇ ਉਪਾਵਾਂ ‘ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਹਾਰਵਰਡ ਦੇ ਸਿਹਤ ਮਾਹਿਰ ਅਸ਼ੀਸ਼ ਝਾਅ ਅਤੇ ਪ੍ਰੋਫੈਸਰ ਜੋਹਾਨ ਨਾਲ ਗੱਲਬਾਤ ਕੀਤੀ । ਰਾਹੁਲ ਗਾਂਧੀ ਦੀ ਇਹ ਤੀਜੀ ਅਜਿਹੀ ਗੱਲਬਾਤ ਹੈ । ਇਸ ਤੋਂ ਪਹਿਲਾਂ ਰਾਹੁਲ ਨੇ ਆਰਬੀਆਈ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਅਤੇ ਨੋਬਲ ਪੁਰਸਕਾਰ ਜੇਤੂ ਅਭਿਜੀਤ ਬੈਨਰਜੀ ਨਾਲ ਗੱਲਬਾਤ ਕੀਤੀ ਸੀ ।
ਬੁੱਧਵਾਰ ਨੂੰ ਰਾਹੁਲ ਨਾਲ ਗੱਲਬਾਤ ਦੌਰਾਨ ਹਾਰਵਰਡ ਵਿਖੇ ਸਿਹਤ ਮਾਹਿਰ ਅਸ਼ੀਸ਼ ਝਾ ਨੇ ਕਿਹਾ ਕਿ ਲਾਕਡਾਊਨ ਤੋਂ ਬਾਅਦ ਹੁਣ ਜਦੋਂ ਅਰਥ ਵਿਵਸਥਾ ਖੁੱਲ੍ਹ ਗਈ ਹੈ, ਤੁਹਾਨੂੰ ਵਿਸ਼ਵਾਸ ਪੈਦਾ ਕਰਨਾ ਪਏਗਾ । ਝਾਅ ਨੇ ਕਿਹਾ ਕਿ ਕੋਵਿਡ -19 ‘12 ਤੋਂ 18 ਮਹੀਨਿਆਂ ਦੀ ਸਮੱਸਿਆ’ ਹੈ, ਇਸ ਤੋਂ 2021 ਤੋਂ ਪਹਿਲਾਂ ਛੁਟਕਾਰਾ ਨਹੀਂ ਮਿਲਣ ਵਾਲਾ ਹੈ । ਉਨ੍ਹਾਂ ਕਿਹਾ ਕਿ ਉੱਚ ਜੋਖਮ ਵਾਲੇ ਖੇਤਰਾਂ ਵਿੱਚ ਬਹੁਤ ਤੇਜ਼ੀ ਨਾਲ ਜਾਂਚ ਰਣਨੀਤੀ ਬਣਾਉਣ ਦੀ ਜ਼ਰੂਰਤ ਹੈ । ਸਿਹਤ ਮਾਹਿਰ ਝਾਅ ਨੇ ਕਿਹਾ ਕਿ ਅਸੀਂ ਵੱਡੀਆਂ ਆਲਮੀ ਮਹਾਂਮਾਰੀ ਦੇ ਯੁੱਗ ਵਿੱਚ ਦਾਖਲ ਹੋ ਰਹੇ ਹਾਂ, ਜਿਸ ਵਿਸ਼ਵਵਿਆਪੀ ਮਹਾਂਮਾਰੀ ਨੂੰ ਅਸੀਂ ਵੇਖ ਰਹੇ ਹਾਂ ਉਹ ਆਖਰੀ ਨਹੀਂ ਹੈ ।
ਇਸ ਦੌਰਾਨ ਰਾਹੁਲ ਨੇ ਪੁੱਛਿਆ ਕਿ ਮੈਨੂੰ ਦੱਸੋ ਟੀਕਾ ਕਦੋਂ ਆਵੇਗਾ? ਇਸ ਦੇ ਜਵਾਬ ਵਿੱਚ ਝਾਅ ਨੇ ਕਿਹਾ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਗਲੇ ਸਾਲ ਤੱਕ ਇਹ ਟੀਕਾ ਆ ਜਾਵੇਗਾ । ਗੱਲਬਾਤ ਦੌਰਾਨ ਰਾਹੁਲ ਨੇ ਕਿਹਾ ਕਿ ਮੈਂ ਕੁਝ ਨੌਕਰਸ਼ਾਹਾਂ ਨੂੰ ਪੁੱਛਿਆ ਹੈ ਕਿ ਟੈਸਟਿੰਗ ਦੀ ਗਿਣਤੀ ਘੱਟ ਕਿਉਂ ਹੈ? ਉਨ੍ਹਾਂ ਕਿਹਾ ਕਿ ਜੇ ਤੁਸੀਂ ਟੈਸਟਾਂ ਦੀ ਗਿਣਤੀ ਵਧਾਉਂਦੇ ਹੋ, ਤਾਂ ਇਹ ਲੋਕਾਂ ਦਾ ਡਰ ਵਧਾਏਗਾ । ਹਾਲਾਂਕਿ, ਉਨ੍ਹਾਂ ਨੇ ਜੋ ਕਿਹਾ ਅਧਿਕਾਰਤ ਤੌਰ ‘ਤੇ ਨਹੀਂ ਕਿਹਾ । ਇਸ ਤੋਂ ਇਲਾਵਾ ਸਵੀਡਨ ਦੇ ਸਿਹਤ ਮਾਹਿਰ ਪ੍ਰੋਫੈਸਰ ਜੋਹਾਨ ਨੇ ਰਾਹੁਲ ਗਾਂਧੀ ਨੂੰ ਕਿਹਾ ਕਿ ਭਾਰਤ ਵਿੱਚ ਸਾਫਟ ਲਾਕਡਾਊਨ ਹੋਣਾ ਚਾਹੀਦਾ ਹੈ ।