Unique initiative for students : ਪਟਿਆਲਾ ਜ਼ਿਲੇ ਵਿਚ ਲੌਕਡਾਊਨ ਦੌਰਾਨ ਜ਼ਿਲਾ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ’ਡਿਜੀਟਲ ਪੇਰੈਂਟਸ ਮਾਰਗਦਰਸ਼ਕ’ ਪ੍ਰੋਗਰਾਮ ਨਾਲ ਜੁੜ ਕੇ ਆਪਣੇ ਬੱਚਿਆਂ ਦੀ ਆਚਰਣ ਉਸਾਰੀ, ਸਿੱਖਿਆ ਅਤੇ ਭਾਸ਼ਾ ਵੱਲ ਵਿਸ਼ੇਸ਼ ਧਿਆਨ ਦੇਣ। ਇਸ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਨੇ ਦਿੰਦਿਆਂ ਕਿਹਾ ਕਿ ਲੌਕਡਾਊਨ ਕਰਕੇ ਸਾਰੇ ਸਕੂਲ ਬੰਦ ਹਨ ਅਤੇ ਘਰ ਬੈਠੇ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਮੀਰਾਕੂ ਫਾਊਂਡੇਸ਼ਨ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ, ਜਿਸ ਦੀ ਅਗਵਾਈ ਨੋਡਲ ਅਫਸਰ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਵੱਲੋਂ ਕੀਤੀ ਜਾ ਰਹੀ ਹੈ।
ਇਸ ਬਾਰੇ ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜ਼ਿਲੇ ਵਿਚ ਤਾਇਨਾਤ PCS ਅਧਿਕਾਰੀ ਜਗਰਨੂਰ ਸਿੰਘ ਗਰੇਵਾਲ ਵੱਲੋਂ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਆਨਲਾਈਨ ਵੀਡੀਓਜ਼ ਰਾਹੀਂ ਅੰਗਰੇਜ਼ੀ, (EVS) ਵਾਤਾਵਰਣ ਸਿੱਖਿਆ, ਮੈਥੇਮੈਟਿਕਸ, ਚੰਗੇ ਵਤੀਰੇ ਅਤੇ ਸੋਸ਼ਲ ਵਿਵਹਾਰ ਦੀ ਸਿੱਖਿਆ ਦਿੱਤੀ ਜਾ ਰਹੀ ਹੈ। ਕੁਮਾਰ ਅਮਿਤ ਨੇ ਦੱਸਿਆ ਕਿ ਆੰਗਣਵਾੜੀ ਵਰਕਰਾਂ, ਸਵੈ-ਸਹਾਇਤਾ ਸਮੂਹ ਦੀਆਂ ਮੈਂਬਰ ਔਰਤਾਂ ਸਮੇਤ ਐਲੀਮੈਂਟਰੀ ਅਧਿਆਪਕਾਂ ਵੱਲੋਂ ਰੋਜ਼ਾਨਾ ਵੀਡੀਓ ਮਾਪਿਆਂ ਦੇ ਵ੍ਹਟਸਐਪ ’ਤੇ ਭੇਜੀਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ ਹੁਣ ਤੱਕ ਇਕ ਲੱਖ ਤੋਂ ਵੱਧ ਲੋਕਾਂ ਵੱਲੋਂ ਦੇਖਿਆ ਜਾ ਚੁੱਕਾ ਹੈ।
ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਅੱਗੇ ਦੱਸਦਿਆਂ ਕਿਹਾ ਕਿ ਪਿਛਲੇ ਤਿੰਨ ਹਫਤਿਆਂ ਵਿਚ ਹੀ 20 ਹਜ਼ਾਰ ਤੋਂ ਵਧੇਰੇ ਮਾਪੇ ਇਸ ਨਾਲ ਜੁੜ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਰਾਹੀਂ ਮਾਪੇ ਆਪਣੇ ਬੱਚਿਆਂ ਨੂੰ ਤਣਾਅ ਰਹਿਤ ਅਤੇ ਉਸਾਰੂ ਸਿੱਖਿਆ ਦੇ ਸਕਦੇ ਹਨ ਅਤੇ ਇਸ ਦੇ ਨਾਲ ਹੀ ਆਪਣੇ ਬੱਚਿਆਂ ਨੂੰ ਲੌਕਡਾਊ ਦੌਰਾਨ ਚੱਲ ਰਹੀਆਂ ਛੁੱਟੀਆਂ ਵਿਚ ਉਨ੍ਹਾਂ ਵਿਚ ਨਵੇਂ ਹੁਨਰ ਪੈਦਾ ਕਰ ਸਕਦੇ ਹਨ।