Railways increased advanced reservation: ਨਵੀਂ ਦਿੱਲੀ: ਅੱਜ ਯਾਨੀ ਕਿ 31 ਮਈ ਨੂੰ ਖਤਮ ਹੋ ਰਹੇ ਲਾਕਡਾਊਨ ਚੌਥੇ ਪੜਾਅ ਤੋਂ ਬਾਅਦ ਪਟਰੀਆਂ ‘ਤੇ ਟ੍ਰੇਨਾਂ ਦੀ ਆਵਾਜਾਈ ਵੀ ਵੱਧ ਜਾਵੇਗੀ । ਦਰਅਸਲ, 1 ਜੂਨ ਤੋਂ ਭਾਰਤੀ ਰੇਲਵੇ ਯਾਤਰੀਆਂ ਲਈ 200 ਵਾਧੂ ਟ੍ਰੇਨਾਂ ਚਲਾ ਰਹੀ ਹੈ । ਯਾਤਰਾ ਦੌਰਾਨ ਕੋਈ ਸਮੱਸਿਆ ਨਾ ਹੋਵੇ ਇਸ ਲਈ ਹਰ ਕੋਈ ਕੰਫਰਮ ਟਿਕਟ ਚਾਹੁੰਦਾ ਹੈ । ਯਾਤਰੀਆਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਰੇਲਵੇ ਨੇ ਟਿਕਟਾਂ ਦੀ ਅਡਵਾਂਸ ਬੁਕਿੰਗ ਲਈ ਨਿਯਮਾਂ ਵਿੱਚ ਤਬਦੀਲੀ ਕੀਤੀ ਹੈ । ਯਾਤਰੀ ਹੁਣ 30 ਦਿਨਾਂ ਦੀ ਬਜਾਏ 120 ਦਿਨਾਂ ਲਈ ਪਹਿਲਾਂ ਤੋਂ ਟਿਕਟਾਂ ਬੁੱਕ ਕਰਾ ਸਕਦੇ ਹਨ । ਇਨ੍ਹਾਂ ਟ੍ਰੇਨਾਂ ਦੀ ਟਿਕਟ ਬੁਕਿੰਗ 22 ਮਈ ਤੋਂ ਹੀ ਸ਼ੁਰੂ ਹੋ ਗਈ ਹੈ ।
ਰੇਲਵੇ ਨੇ ਯਾਤਰੀਆਂ ਦੇ ਹੱਕ ਵਿੱਚ ਇੱਕ ਵੱਡਾ ਫੈਸਲਾ ਲਿਆ ਹੈ, ਜਿਸ ਦੇ ਤਹਿਤ ਯਾਤਰੀ ਹੁਣ ਆਪਣੀ ਨਿਰਧਾਰਤ ਯਾਤਰਾ ਲਈ ਸਿਰਫ 30 ਦਿਨਾਂ ਦੀ ਨਹੀਂ, 120 ਦਿਨ ਯਾਨੀ 4 ਮਹੀਨੇ ਪਹਿਲਾਂ ਟਿਕਟ ਬੁੱਕ ਕਰਵਾ ਸਕਦੇ ਹਨ । ਇਹ ਟਿਕਟਾਂ ਪ੍ਰਾਪਤ ਕਰਨ ਅਤੇ ਯਾਤਰਾ ਦੀ ਯੋਜਨਾ ਬਣਾਉਣ ਵਿੱਚ ਸਹਾਇਤਾ ਕਰੇਗਾ । ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇੱਕ ਮਹੀਨੇ ਪਹਿਲਾਂ ਹੀ ਅਡਵਾਂਸ ਬੁਕਿੰਗ ਕਰਵਾਈ ਜਾ ਸਕਦੀ ਸੀ ।
ਲਾਕਡਾਊਨ ਦੌਰਾਨ ਚਲਾਈਆਂ ਜਾ ਰਹੀਆਂ ਵਿਸ਼ੇਸ਼ ਟ੍ਰੇਨਾਂ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ਨੂੰ ਬਦਲਦਿਆਂ ਰੇਲਵੇ ਨੇ 4 ਮਹੀਨੇ ਪਹਿਲਾਂ ਟਿਕਟ ਬੁਕਿੰਗ ਦੇ ਨਾਲ-ਨਾਲ ਮੌਜੂਦਾ ਸੀਟ ਬੁਕਿੰਗ, ਤਤਕਾਲ ਕੋਟੇ ਦੀ ਬੁਕਿੰਗ ਅਤੇ ਮਿਡਲ ਸਟੇਸ਼ਨਾਂ ਤੋਂ ਟਿਕਟਾਂ ਦੀ ਬੁਕਿੰਗ ਸੇਵਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ । ਇਹ ਸਾਰੀਆਂ ਤਬਦੀਲੀਆਂ ਅੱਜ ਤੋਂ ਲਾਗੂ ਕਰ ਦਿੱਤੀਆਂ ਜਾਣਗੀਆਂ ।
ਫਿਲਹਾਲ ਇਸ ਸਮੇਂ 230 ਸਪੈਸ਼ਲ ਟ੍ਰੇਨਾਂ ਵਿੱਚ ਯਾਤਰਾ ਲਈ ਟਿਕਟਾਂ ਆਨਲਾਈਨ ਬੁੱਕ ਕੀਤੀਆਂ ਜਾ ਸਕਦੀਆਂ ਹਨ । ਹਾਲਾਂਕਿ, ਸਰਕਾਰ ਨੇ ਦੇਸ਼ ਭਰ ਵਿੱਚ ਦੋ ਲੱਖ ਤੋਂ ਵੱਧ ਕਾਮਨ ਸਰਵਿਸ ਸੈਂਟਰਾਂ (CSC) ਤੋਂ ਟਿਕਟਾਂ ਬੁੱਕ ਕਰਨ ਦੀ ਸਹੂਲਤ ਦਿੱਤੀ ਹੈ । ਇਨ੍ਹਾਂ ਟ੍ਰੇਨਾਂ ਵਿੱਚ ਸਮਾਨ ਵੀ ਬੁੱਕ ਕੀਤਾ ਜਾ ਸਕਦਾ ਹੈ । ਇਨ੍ਹਾਂ ਟ੍ਰੇਨਾਂ ਲਈ ਮੋਬਾਇਲ ਐਪ, ਰੇਲਵੇ ਸਟੇਸ਼ਨ ਕਾਊਂਟਰ, ਡਾਕਘਰ, ਯਾਤਰੀ ਟਿਕਟ ਸਹੂਲਤ ਕੇਂਦਰ (YTSK), ਅਧਿਕਾਰਤ ਏਜੰਟ, ਯਾਤਰੀ ਰਿਜ਼ਰਵੇਸ਼ਨ ਪ੍ਰਣਾਲੀ ਵੀ ਬੁੱਕ ਕੀਤੀ ਜਾ ਸਕਦੀ ਹੈ ।