Government of India will have : ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਘੀ ਢਾਂਚੇ ਦੀ ਵਕਾਲਤ ਕਰਦੇ ਹੋਏ ਸਾਫ ਕਰਦਿਆਂ ਕਿਹਾ ਹੈ ਕਿ ਭਾਰਤ ਸਰਕਾਰ ਨੂੰ ਬਿਨਾਂ ਸ਼ਰਤ ਦੇ ਸਾਨੂੰ ਪੈਸੇ ਦੇਣਾ ਪਵੇਗਾ। ਅਸੀਂ ਉਸਦੀ ਕੋਈ ਸ਼ਰਤ ਨਹੀਂ ਮੰਨਾਗੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੀ ਜੀ ਐਸ ਡੀ ਪੀ 6 ਲੱਖ ਕਰੋੜ ਦੀ ਹੈ, ਜਿਸ ਅਧੀਨ ਅਸੀਂ 3 ਫ਼ੀਸਦੀ ਕਰਜ਼ਾ ਲੈ ਸਕਦੇ ਹਾਂ। ਅਸੀਂ ਕੇਂਦਰ ਸਰਕਾਰ ਤੋਂ 2 ਫ਼ੀਸਦੀ ਜੀਐਸਡੀਪੀ ਹੋਰ ਮੰਗੀ ਸੀ, ਜਿਸ ’ਤੇ ਕੇਂਦਰ ਵੱਲੋਂ ਸ਼ਰਤ ਲਗਾ ਦਿੱਤੀ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ’ਤੇ ਸ਼ਰਤ ਨਹੀਂ ਲੱਗ ਸਕਦੀ, ਇਥੇ ਸੰਘੀ ਢਾਂਚਾ ਹੈ। ਸਾਡੀ ਆਰਥਿਕਤਾ ਸਾਡੇ ਆਪਣੇ ਹੱਥਾਂ ਵਿਚ ਹੈ। ਉਨ੍ਹਾਂ ਕਿਹਾ ਕਿ ਵਿੱਤੀ ਸੰਸਥਾਵਾਂ ਕਿਵੇਂ ਚੱਲਦੀਆਂ ਹਨ, ਇਹ ਸਾਡੇ ਹੱਥਾਂ ਵਿਚ ਹੈ। ਕੇਂਦਰ ਇਸ ਤਰ੍ਹਾਂ ਸਾਡੇ ’ਤੇ ਸ਼ਰਤਾਂ ਨਹੀਂ ਲਗਾ ਸਕਦੇ ਕਿ ਜੇਕਰ ਅੱਧਾ ਫ਼ੀਸਦੀ ਲੈਣਾ ਹੈ ਤਾਂ ਇਹ ਸ਼ਰਤ ਹੈ, ਜੇ 1 ਫ਼ੀਸਦੀ ਲੈਣਾ ਹੈ ਤਾਂ ਇਹ ਕਰਨਾ ਪਊ। ਅਸੀਂ ਨਹੀਂ ਇਸ ਗੱਲ ਨੂੰ ਮੰਨਦੇ।
ਮੁਖ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਇਸ ਵਿਚ ਸੋਧ ਕਰਨੀ ਪਵੇਗੀ ਤੇ ਬਿਨਾਂ ਸ਼ਰਤਾਂ ਦੇ ਸਾਨੂੰ ਇਹ ਪੈਸੇ ਦੇਣੇ ਪੈਣਗੇ। ਉਨ੍ਹਾਂ ਕਿਹਾ ਕਿ ਕੇਂਦਰ ਸਾਨੂੰ ਕਹਿੰਦਾ ਹੈ ਕਿ ਇਸ ਮਹਿਕਮੇ ਵਿਚ ਕੀ ਲੋੜ ਹੈ, ਸਾਡਾ ਪੈਸਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਕੇਂਦਰ ਤੋਂ ਪੈਸਾ ਉਧਾਰ ਲੈ ਰਹੇ ਹਾਂ, ਜੋਕਿ ਅਸੀਂ ਮੋੜਨਾ ਹੈ। ਹੁਣ ਤੁਸੀਂ ਸਾਨੂੰ ਦੱਸੋਗੇ ਕਿ ਅਸੀਂ ਕੀ ਕਰੀਏ, ਇਹ ਕਿਵੇਂ ਚਲ ਸਕਦਾ ਹੈ ? ਮੁਖ ਮੰਤਰੀ ਨੇ ਕਿਹਾ ਕਿ ਇਹ ਮਸਲਾ ਅੱਜ ਤੋਂ ਨਹੀਂ ਹੈ, 1970-80 ਵਿਚ ਵੀ ਇਸੇ ਮੁੱਦੇ ’ਤੇ ਪੰਜਾਬ ਵਿਚ ਝਗੜਾ ਹੋਇਆ ਸੀ। ਉਦੋਂ ਵੀ ਸੰਘੀ ਢਾਂਚੇ ਨੂੰ ਲੈ ਕੇ ਹੀ ਮੰਗ ਸੀ ਕਿ ਤੁਸੀਂ ਸਾਡੀਆਂ ਸ਼ਕਤੀਆਂ ਖੋਹ ਰਹੇ ਹੋ? ਇਹ ਬਿਲਕੁਲ ਗ਼ਲਤ ਹੈ। ਅਸੀਂ ਸੂਬਾ ਹਾਂ ਤੇ ਅਸੀਂ ਸੂਬੇ ਨੂੰ ਚਲਾਉਂਦੇ ਹਾਂ। ਸਾਰੇ ਸੂਬੇ ਮਿਲ ਕੇ ਹੀ ਮੁਲਕ ਬਣਾਉਂਦੇ ਹਨ।