New Patients of Corona : ਕੋਰੋਨਾ ਦਾ ਕਹਿਰ ਸੂਬੇ ਵਿਚ ਰੁਕਣ ਦਾ ਨਾਂ ਨਹੀਂ ਲੈ ਰਿਹਾ। ਅੱਜ ਫਿਰ ਕੋਰੋਨਾ ਦੇ ਅੰਮ੍ਰਿਤਸਰ ਵਿਚ 5 ਤੇ ਜਲੰਧਰ ਵਿਚ 2 ਨਵੇਂ ਮਾਮਲੇ ਸਾਹਮਣੇ ਆਏ ਹਨ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਵਿਚ ਕੋਰੋਨਾ ਪਾਜ਼ੀਟਿਵ ਆਏ ਪੰਜਾ ਮਰੀਜ਼ਾਂ ਵਿਚੋਂ 2 ਵਿਦੇਸ਼ੋਂ ਪਰਤੇ ਹਨ, ਜਦਕਿ ਦੋ ਪਹਿਲਾਂ ਤੋਂ ਹੀ ਪਾਜ਼ੀਟਿਵ ਮਰੀਜ਼ਾਂ ਦੇ ਸੰਪਰਕ ਵਾਲੇ ਹਨ। ਇਸ ਤੋਂ ਇਲਾਵਾ ਇਕ ਮਰੀਜ਼ ਖੰਘ, ਜ਼ੁਕਾਮ ਤੇ ਬੁਖਾਰ ਤੋਂ ਪੀੜਤ ਸੀ, ਜਿਸ ਦੇ ਟੈਸਟ ਕਰਨ ’ਤੇ ਉਸ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਹੁਣ ਅੰਮ੍ਰਿਤਸਰ ਜ਼ਿਲੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ 392 ਹੋ ਗਈ ਹੈ, ਜਿਨ੍ਹਾਂ ਵਿਚੋਂ 7 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 307 ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ।
ਉਧਰ ਜਲੰਧਰ ’ਚ ਕੋਰੋਨਾ ਦੇ ਦੋ ਨਵੇਂ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿਚ ਬੀਐਸਐਫ ਦਾ ਜਵਾਨ ਅਤੇ ਇਕ ਵਿਅਕਤੀ ਡਿਫੈਂਸ ਕਾਲੋਨੀ ਦਾ ਰਹਿਣ ਵਾਲਾ ਵਿਅਕਤੀ ਹੈ। ਦੱਸਣਯੋਗ ਹੈ ਕਿ ਬੀਐਸਐਫ ਦਾ ਜਵਾਨ ਪਿਛਲੇ ਦਿਨੀਂ ਹੀ ਦਿੱਲੀ ਤੋਂ ਜਲੰਧਰ ਪਰਤਿਆ ਸੀ, ਇਸ ਨੂੰ ਪਹਿਲਾਂ ਹੀ ਦਿੱਲੀ ਵਿਚ ਕੁਆਰੰਟਾਈਨ ’ਚ ਰਖਿਆ ਗਿਆ ਸੀ। 22 ਮਈ ਨੂੰ ਇਹ ਜਲੰਧਰ ਪਰਤਿਆ ਸੀ। ਇਥੇ ਕੁਝ ਦਿਨਾਂ ਬਾਅਦ ਕੋਰੋਨਾ ਦੇ ਲੱਛਣ ਦਿਸਣ ਕਰਕੇ ਉਸ ਨੇ ਆਪਣਾ ਟੈਸਟ ਕਰਵਾਇਆ, ਜਿਸ ਵਿਚ ਉਸ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ।
ਦੂਸਰੇ ਮਾਮਲੇ ਵਿਚ ਡਿਫੈਂਸ ਕਾਲੋਨੀ ਦਾ ਵਿਅਕਤੀ ਲਾਜਪਤ ਨਗਰ ਦੇ ਪਹਿਲਾਂ ਤੋਂ ਹੀ ਪਾਜ਼ੀਟਿਵ ਆਏ ਮਰੀਜ਼ ਦੇ ਸੰਪਰਕ ਵਾਲਾ ਹੈ। ਸਿਹਤ ਵਿਭਾਗ ਵੱਲੋਂ ਦੋਹਾਂ ਨੂੰ ਜਲੰਧਰ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਗਿਆ ਹੈ। ਹੁਣ ਇਨ੍ਹਾਂ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੀ ਲਿਸਟ ਬਣਾ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।