From Tarntaran Corona Positive : ਕੋਰੋਨਾ ਵਾਇਰਸ ਦੇ ਮਾਮਲੇ ਪੰਜਾਬ ਵਿਚ ਲਗਾਤਾਰ ਵਧਦੇ ਜਾ ਰਹੇ ਹਨ। ਅੱਜ ਤਰਨਤਾਰਨ ਵਿਚ ਕੋਰੋਨਾ ਦਾ ਇਕ ਹੋਰ ਨਵਾਂ ਮਰੀਜ਼ ਸਾਹਮਣੇ ਆਇਆ ਹੈ, ਜਿਸ ਨੂੰ ਤਰਨਤਾਰਨ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਕੀਤਾ ਗਿਆ ਹੈ। ਉਕਤ 28 ਸਾਲਾ ਮਰੀਜ਼ ਕੁਵੈਤ ਦੇਸ਼ ਤੋਂ 26 ਮਈ ਨੂੰ ਪੰਜਾਬ ਵਿਚ ਆਇਆ ਸੀ ਤੇ ਇਸ ਨੂੰ ਪ੍ਰਸ਼ਾਸਨ ਵੱਲੋਂ ਖਡੂਰ ਸਾਹਿਬ ਸਥਿਤ ਇਕਾਂਤਵਾਸ ਕੇਂਦਰ ਵਿਚ ਰਖਿਆ ਗਿਆ ਸੀ। ਇਸ ਨੌਜਵਾਨ ਦੇ ਕੋਰੋਨਾ ਟੈਸਟ ਲਈ 27 ਮਈ ਨੂੰ ਸੈਂਪਲ ਜਾਂਚ ਲਈ ਭੇਜੇ ਗਏ ਸਨ, ਜਿਸ ਦੀ ਰਿਪੋਰਟ ਵਿਚ ਅੱਜ ਉਸ ਦੇ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ। ਇਸ ਦੀ ਜਾਣਕਾਰੀ ਸਿਵਲ ਸਰਜਨ ਡਾ. ਅਨੂਪ ਕੁਮਾਰ ਨੇ ਦੱਸਿਆ। ਜ਼ਿਕਰਯੋਗ ਹੈ ਕਿ ਹੁਣ ਜ਼ਿਲੇ ਅੰਦਰ ਕੁਲ ਐਕਟਿਵ ਕੇਸਾਂ ਦੀ ਗਿਣਤੀ 5 ਹੋ ਗਈ ਹੈ, ਜਿਨ੍ਹਾਂ ਦਾ ਸਿਹਤ ਵਿਭਾਗ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ।
ਸਿਵਲ ਸਰਜਨ ਨੇ ਕਿਹਾ ਕਿ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਸ਼ੱਕ ਦੇ ਆਧਾਰ ’ਤੇ ਵੀ ਕੋਰੋਨਾ ਟੈਸਟ ਜ਼ਰੂਰੀ ਕਰਵਾਉਣ। ਹਸਪਤਾਲ ਵੱਲੋਂ ਇਸ ਦੀ ਕੋਈ ਫੀਸ ਨਹੀਂ ਲਈ ਜਾਂਦੀ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਦੀ ਜਾਂਚ ਲਈ ਅੱਜ ਸਿਵਲ ਹਸਪਤਾਲ ਤਰਨਤਾਰਨ ਵਿਚ 36 ਕੋਰੋਨਾ ਟੈਸਟਾਂ ਲਈ ਸੈਂਪਲ ਲਏ ਗਏ ਹਨ ਜਿਨ੍ਹਾਂ ਵਿਚ ਚਾਰ ਸਟਾਫ ਨਰਸਾਂ ਅਤੇ 32 ਆਮ ਲੋਕ ਸ਼ਾਮਲ ਹਨ।
ਐਸਐਮਓ ਇੰਦਰ ਮੋਹਨ ਗੁਪਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਈਸੋਲੇਸ਼ਨ ਵਾਰਡ ਅੰਦਰ ਦਾਖਲ ਮਰੀਜ਼ਾਂ ਨੂੰ ਇਲਾਜ ਲਈ ਉਚਿਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਜਿਸ ਅਧੀਨ ਹੁਣ ਤੱਕ ਜ਼ਿਲੇ ਵਿਚ 162 ਵਿਅਕਤੀ ਕੋਰੋਨਾ ਮੁਕਤ ਹੋਏ ਹਨ। ਉਨ੍ਹਾਂ ਦੱਸਿਆ ਕਿ ਕੋਰੋਨਾ ਦੇ ਸ਼ੱਕੀ ਮਰੀਜ਼ਾਂ ਦੀ ਜਾਂਚ ਲਈ ਟੀਮ ਵੱਲੋਂ ਮੁਫਤ ਸੈਂਪਲ ਲਏ ਜਾ ਰਹੇ ਹਨ, ਜਦਕਿ ਪ੍ਰਾਈਵੇਟ ਲੈਬਾਰਟਰੀਆਂ ਇਸ ਲਈ ਮੋਟੀਆਂ ਰਕਮਾਂ ਬਟੋਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਅਤੇ ਕੋਰੋਨਾ ਦੀ ਜਾਂਚ ਲਈ ਇਹ ਇਕ ਵਧੀਆ ਉਪਰਾਲਾ ਸਾਬਿਤ ਹੋ ਰਿਹਾ ਹੈ।