Khalistan militant is arrested : ਪੰਜਾਬ ਪੁਲਿਸ ਅਤੇ ਉੱਤਰ ਪ੍ਰਦੇਸ਼ ਪੁਲਿਸ ਵੱਲੋਂ ਸਾਂਝੀ ਕਾਰਵਾਈ ਦੌਰਾਨ ਖਾਲਿਸਤਾਨ ਲਹਿਰ ਨਾਲ ਜੁੜੇ ਇਕ ਖਾੜਕੂ ਨੂੰ ਮੇਰਠ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਫੜੇ ਗਏ ਇਸ ਖਾੜਕੂ ਦੀ ਪਛਾਣ 32 ਸਾਲਾ ਤੀਰਥ ਸਿੰਘ ਵਜੋਂ ਹੋਈ ਹੈ, ਜਿਸ ਦੇ ਖਿਲਾਫ ਜਨਵਰੀ, 2020 ਵਿਚ ਮੋਹਾਲੀ ਵਿਖੇ ਗੈਰ-ਕਾਨੂੰਨੀ ਸਰਗਰਮੀਆਂ ਰੋਕੂ ਐਕਟ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਸੀ। ਇਸ ਖਾੜਕੂ ਨੂੰ ਮੇਰਠ ਦੇ ਥਾਪਰ ਨਗਰ ਇਲਾਕੇ ਵਿਚੋਂ ਸ਼ਨੀਵਾਰ ਰਾਤ ਨੂੰ ਪੰਜਾਬ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨਲ ਗਰੁੱਪ ਅਤੇ ਉੱਤਰ ਪ੍ਰਦੇਸ਼ ਪੁਲਿਸ ਦੇ ਐਟੀਐਸ ਵੱਲੋਂ ਸਾਂਝੇ ਤੌਰ ’ਤੇ ਗ੍ਰਿਫਤਾਰ ਕੀਤਾ ਗਿਆ ਹੈ।
ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਇਸ ਸਬੰਧੀ ਪੰਜਾਬ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ, ਜਿਸ ’ਤੇ ਪੰਜਾਬ ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਐਂਟੀ ਟੈਰਰਰਿਸਟ ਸਕੁਐਡ ਨਾਲ ਇਹ ਜਾਣਕਾਰੀ ਸਾਂਝੀ ਕੀਤੀ। ਉੱਤਰ ਪ੍ਰਦੇਸ਼ ਏਟੀਐਸ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ ਸ਼੍ਰੀ ਡੀਕੇ ਠਾਕੁਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੀਰਤ ਸਿੰਘ ਦੇ ਕਬਜ਼ੇ ਵਿਚੋਂ ਭਿੰਡਰਾਂਵਾਲਿਆਂ ਦੇ ਪੋਸਟਰ ਅਤੇ ਖਾਲਿਸਤਾਨ ਲਹਿਰ ਨਾਲ ਸਬੰਧਤ ਲਿਟਰੇਚਰ ਬਰਾਮਦ ਕੀਤਾ ਗਿਆ ਹੈ।
ਉਨ੍ਹਾਂ ਅੱਗੇ ਇਹ ਵੀ ਦੱਸਿਆ ਕਿ ਇਨ੍ਹਾਂ ਲਿਟਰੇਚਰਾਂ ਤੋਂ ਇਲਾਵਾ ਤੀਰਥ ਸਿੰਘ ਦੇ ਫੋਨ ਨੂੰ ਵੀ ਕਬਜ਼ੇ ਵਿਚ ਲੈ ਕੇ ਚੈੱਕ ਕੀਤਾ ਗਿਆ ਹੈ। ਫੋਨ ਵਿਚ ਮੌਜੂਦ ਵ੍ਹਾਟਸਐਪ ਵਿਚ ਕੁਝ ਅਜਿਹੇ ਮੈਸੇਜ ਮਿਲੇ ਹਨ, ਜੋ ਜਿਸ ਤੋਂ ਇਹ ਸਪੱਸ਼ਟ ਹੋ ਰਿਹਾ ਹੈ ਕਿ ਉਹ ਖਾਲਿਸਤਾਨ ਦਾ ਇਕ ਸਮਰਥਕ ਹੈ।