Online registration of Punjab T10 Cricket : ਬਠਿੰਡਾ ਵਿਚ ਤਿੰਨ ਮਹੀਨਿਆਂ ਪਿਛੋਂ ਪ੍ਰੋਫੈਸ਼ਨਲ ਕ੍ਰਿਕੇਟ ਪੰਜਾਬ ਟੀ-10 ਕ੍ਰਿਕੇਟ ਲੀਗ ਰਾਹੀਂ ਭਾਰਤ ਵਿਚ ਮੁੜ ਤੋਂ ਸ਼ੁਰੂਆਤ ਹੋ ਰਹੀ ਹੈ, ਜੋਕਿ 1010 ਸਪੋਰਟਸ ਕਲੱਬ ਬਠਿੰਡਾ ਵਿਖੇ ਛੇਤੀ ਹੀ ਸ਼ੁਰੂ ਹੋਣ ਜਾ ਰਿਹਾ ਹੈ। ਇਸ ਟੂਰਨਾਮੈਂਟ ਦੀ ਆਨਲਾਈਨ ਰਜਿਸਟ੍ਰੇਸ਼ਨ ਵੀ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਵਿਚ ਭਾਗ ਲੈਣ ਦੇ ਚਾਹਵਾਨ ਖਿਡਾਰੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਇਹ ਜਾਣਕਾਰੀ ਟੂਰਨਾਮੈਂਟ ਕਮੇਟੀ ਦੇ ਮੈਂਬਰ ਸਮੀਰ ਵਰਮਾ ਵੱਲੋਂ ਦਿੱਤੀ ਗਈ।
ਟੂਰਨਾਮੈਂਟ ਬਾਰੇ ਅੱਗੇ ਦੱਸਦਿਆਂ ਉਨ੍ਹਾਂ ਕਿਹਾ ਕਿ ਇਸ ਟੂਰਨਾਮੈਂਟ ਵਿਚ ਸੂਬੇ ਦੇ ਵੱਖ-ਵੱਖ ਸ਼ਹਿਰਾਂ ਦੀਆਂ 6 ਟੀਮਾਂ ਹਿੱਸਾ ਲੈਣਗੀਆਂ, ਜਿਨ੍ਹਾਂ ਦੇ ਨਾਂ ਅੰਮ੍ਰਿਤਸਰ ਐਲੀਗੇਟਰਸ, ਬਠਿੰਡਾ ਬੁਲਜ਼, ਫਿਰੋਜ਼ਪੁਰ ਫਾਲਕੋਨਸ, ਲੁਧਿਆਣਾ ਲਾਇਨਜ਼, ਮੋਗਾ ਮੌਗੂਸ ਅਤੇ ਪਟਿਆਲਾ ਪੈਂਥਰਜ਼ ਹਨ। ਇਹ ਟੂਰਨਾਮੈਂਟ ਲਗਭਗ 11 ਦਿਨ ਚੱਲੇਗਾ, ਜਿਸ ਵਿਚ ਕੁਲ 33 ਮੈਚ ਖੇਡੇ ਜਾਣਗੇ. ਇਨ੍ਹਾਂ ਵਿਚੋਂ ਜਿੱਤਣ ਵਾਲੀਆਂ ਪਹਿਲੀਆਂ ਚਾਰ ਟੀਮਾਂ ਸੈਮੀਫਾਈਨਲ ਵਿਚ ਪਹੁੰਚਣਗੀਆਂ ਤੇ ਆਖਰੀ ਦੋ ਟੀਮਾਂ ਵਿਚਕਾਰ ਫਾਈਨਲ ਮੁਕਾਬਲਾ ਖੇਡਿਆ ਜਾਵੇਗਾ। ਦੱਸਣਯੋਗ ਹੈ ਕਿ ਇਹ ਟੂਰਨਾਮੈਂਟ ਰੰਗਦਾਰ ਕਿੱਟਾਂ ਵਿਚ ਖੇਡਿਆ ਜਾਵੇਗਾ। ਜਿੱਤਣ ਵਾਲੀਆਂ ਟੀਮ ਦੇ ਖਿਡਾਰੀਆਂ ਨੂੰ ਟਰਾਫੀਆਂ ਤੋਂ ਇਲਾਵਾ ਸਰਟੀਫਿਕੇਟ ਅਤੇ ਹੋਰ ਇਨਾਮ ਵੀ ਦਿੱਤੇ ਜਾਣਗੇ।
ਸਮੀਰ ਵਰਮਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਚੱਲਦਿਆਂ ਟੂਰਨਾਮੈਂਟ ਦੌਰਾਨ ਨਿਯਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇਗੀ, ਜਿਸ ਅਧੀਨ ਖੇਡ ਮੈਦਾਨ ਵਿਚ ਕੋਈ ਵੀ ਦਰਸ਼ਕ ਦਾਖਲ ਨਹੀਂ ਹੋ ਸਕੇਗਾ ਅਤੇ ਸਿਰਫ ਖਿਡਾਰੀ ਹੀ ਮੈਦਾਨ ਵਿਚ ਮੈਚ ਖੇਡਣਗੇ। ਪਰ ਦਰਸ਼ਕਾਂ ਲਈ ਟੂਰਨਾਮੈਂਟ ਦੀ ਲਾਈਵ ਕਵਰੇਜ ਕਰਵਾਏ ਜਾਣ ਦੇ ਵੀ ਪ੍ਰਬੰਧ ਕੀਤੇ ਗਏ ਹਨ, ਜੋਕਿ ਵੈੱਬ ਪੇਜ ’ਤੇ ਦੇਖੇ ਜਾ ਸਕਣਗੇ। ਖਿਡਾਰੀਆਂ ਨੂੰ ਆਪਸ ਵਿਚ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰਖਦੇ ਹੋਏ ਬਾਕਾਇਦਾ ਦੂਰੀ ਬਣਾਉਣੀ ਪਏਗੀ ਅਤੇ ਖੇਡ ਦੇ ਮੈਦਾਨ ਵਿਚ ਜਿੱਤ ਦਾ ਜਸ਼ਨ ਮਨਾਉਣ ’ਤੇ ਵੀ ਪਾਬੰਦੀ ਹੋਵੇਗੀ।