CM approves appointment : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੇਸ਼ ਦੀ ਰਾਖੀ ਖਾਤਰ ਸ਼ਹਾਦਤ ਦੇਣ ਵਾਲੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਮਾਨਤਾ ਦਿੰਦਿਆਂ ਉਨਾਂ ਦੇ ਅਗਲੇ 8 ਵਾਰਸਾਂ ਦੀ ਨਿਯੁਕਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਮੁੱਖ ਮੰਤਰੀ ਦਫਤਰ ਦੇ ਇੱਕ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੀ ਅਗਵਾਈ ਵਿੱਚ ਬਣੀ ਉੱਚ ਤਾਕਤੀ ਕਮੇਟੀ ਦੀਆਂ ਸਿਫਰਸ਼ਾਂ ‘ਤੇ ਇਹ ਨਿਯੁਕਤੀਆਂ ਕੀਤੀਆਂ ਗਈਆਂ ਹਨ। ਪੰਜਾਬ ਸਰਕਾਰ ਵੱਲੋਂ ਮਾਲ ਵਿਭਾਗ ਵਿੱਚ ਬਤੌਰ ਤਹਿਸੀਲਦਾਰ ਨਿਯੁਕਤ ਕੀਤੇ ਗਏ ਅੰਮ੍ਰਿਤਬੀਰ ਸਿੰਘ ਦੇ ਪਿਤਾ ਇੰਸਪੈਕਟਰ ਰਘਬੀਰ ਸਿੰਘ, ਜੋ ਕਿ ਛੱਤੀਸਗੜ ਦੇ ਜ਼ਿਲਾ ਸੁਕਮਾ ਵਿੱਚ ਨਕਸਲੀਆਂ ਨਾਲ ਲੜਦਿਆਂ 24 ਅਪ੍ਰੈਲ 2017 ਨੂੰ ਸ਼ਹੀਦ ਹੋ ਗਏ ਸਨ। ਤਨਵੀਰ ਕੌਰ ਨੂੰ ਮਾਲ ਵਿਭਾਗ ਵਿੱਚ ਬਤੌਰ ਤਹਿਸੀਲਦਾਰ ਨਿਯੁਕਤ ਕੀਤਾ ਗਿਆ ਹੈ। ਤਨਵੀਰ ਕੌਰ ਦੇ ਪਤੀ ਮੇਜਰ ਰਵੀ ਇੰਦਰ ਸਿੰਘ ਦੱਖਣੀ ਸੁਡਾਨ ਵਿੱਚ ਯੂ.ਐਨ ਮਿਸ਼ਨ ਵਿੱਚ ਸੇਵਾਵਾਂ ਦਿੰਦਿਆਂ ਸ਼ਹੀਦ ਹੋ ਗਏ ਸਨ।
ਨਿਯੁਕਤ ਹੋਣ ਵਾਲਿਆਂ ਵਿੱਚ ਅਕਵਿੰਦਰ ਕੌਰ ਬਤੌਰ ਨਾਇਬ ਤਹਿਸੀਲਦਾਰ, ਆਸਥਾ ਗਰਗ ਬਤੌਰ ਆਬਕਾਰੀ ਤੇ ਕਰ ਅਫਸਰ, ਮਲਕੀਤ ਕੌਰ ਬਤੌਰ ਲਾਇਬ੍ਰੇਰੀ ਸੰਭਾਲ ਕਰਤਾ (ਰੀਸਟੋਰਰ), ਤਨਵੀਰ ਕੌਰ ਬਤੌਰ ਤਹਿਸੀਲਦਾਰ, ਅਮਨਦੀਪ ਸੁਰੱਖਿਆ ਸੇਵਾਵਾਂ ਭਲਾਈ ਵਿਭਾਗ ਵਿੱਚ ਬਤੌਰ ਕਲਰਕ, ਗੁਰਪਾਲ ਸਿੰਘ ਲੋਕ ਨਿਰਮਾਣ ਵਿਭਾਗ (ਇਲੈਕਟ੍ਰੀਕਲ) ਵਿੱਚ ਬਤੌਰ ਜੂਨੀਅਰ ਇੰਜਨੀਅਰ, ਰਾਧਾ ਰਾਣੀ ਬਤੌਰ ਸਹਿਕਾਰੀ ਸਭਾਵਾਂ ਵਿੱਚ ਇੰਸਪੈਕਟਰ ਅਤੇ ਅੰਮਿ੍ਰਤਬੀਰ ਸਿੰਘ ਬਤੌਰ ਤਹਿਸੀਲਦਾਰ ਸ਼ਾਮਲ ਹਨ। ਆਸਥਾ ਗਰਗ ਨੂੰ ਬਤੌਰ ਆਬਕਾਰੀ ਤੇ ਕਰ ਅਫਸਰ ਨਿਯੁਕਤ ਕੀਤਾ ਗਿਆ। ਉਸ ਦੇ ਪਤੀ ਫਲਾਈਟ ਲੈਫਟੀਨੈਂਟ ਮੋਹਿਤ ਗਰਗ ਦੀ ਉਸ ਵਕਤ ਮੌਤ ਹੋ ਗਈ ਸੀ ਜਦੋਂ ਏ.ਐਨ 32 ਜਹਾਜ਼, ਜਿਸਨੂੰ ਉਹ ਚਲਾ ਰਹੇ ਸਨ, ਅਰੁਣਾਚਲ ਪ੍ਰਦੇਸ਼ ਦੇ ਉੱਚ ਪਹਾੜੀ ਖੇਤਰਾਂ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਕਾਂਸਟੇਬਲ (ਜੀ.ਡੀ) ਮੁਖਤਿਆਰ ਸਿੰਘ 15 ਜੁਲਾਈ 2018 ਨੂੰ ਛੱਤੀਸਗੜ ਦੀ ਸਬ ਡਿਵੀਜ਼ਨ ਪਖਨਜੁਰੇ ਵਿੱਚ ਨਕਸਲੀਆਂ ਨਾਲ ਲੜਾਈ ਦੌਰਾਨ ਸ਼ਹੀਦ ਹੋ ਗਏ ਸਨ। ਉਨਾਂ ਦੀ ਕੁਰਬਾਨੀ ਨੂੰ ਵੇਖਦਿਆਂ ਮਲਕੀਤ ਕੌਰ ਨੂੰ ਸਿੱਖਿਆ ਵਿਭਾਗ ਵਿੱਚ ਬਤੌਰ ਲਾਇਬ੍ਰੇਰੀ ਸੰਭਾਲ ਕਰਤਾ (ਰੀਸਟੋਰਰ) ਦੀ ਨਿਯੁਕਤੀ ਦਿੱਤੀ ਗਈ ਹੈ।
ਗੁਰਪਾਲ ਸਿੰਘ, ਜੋ ਕਿ ਸ਼ਹੀਦ ਰਾਈਫਲਮੈਨ ਸੁਖਵਿੰਦਰ ਸਿੰਘ ਦੇ ਭਰਾ ਹਨ, ਨੂੰ ਲੋਕ ਨਿਰਮਾਣ ਵਿਭਾਗ (ਇਲੈਕਟ੍ਰੀਕਲ) ਵਿੱਚ ਬਤੌਰ ਜੂਨੀਅਰ ਇੰਜਨੀਅਰ ਨਿਯੁਕਤ ਕੀਤਾ ਗਿਆ ਹੈ। ਰਾਈਫਲਮੈਨ ਸੁਖਵਿੰਦਰ ਸਿੰਘ ਦਸੰਬਰ 2019 ਨੂੰ ਜੰਮੂ-ਕਸ਼ਮੀਰ ਦੇ ਸੁੰਦਰਬਨੀ ਖੇਤਰ ਵਿੱਚ ਸੀਮਾਂ ‘ਤੇ ਲੜਾਈ ਦੌਰਾਨ ਸ਼ਹੀਦ ਹੋ ਗਏ ਸਨ। ਗਰਨੇਡੀਅਰ ਸੰਜੇ ਕੁਮਾਰ ਦੀ ਭੈਣ ਰਾਧਾ ਰਾਣੀ ਨੂੰ ਰਜਿਸਟ੍ਰਾਰ ਸਹਿਕਾਰੀ ਸਭਾਵਾਂ ਵਿੱਚ ਬਤੌਰ ਇੰਸਪੈਕਟਰ ਨਿਯੁਕਤ ਕੀਤਾ ਗਿਆ ਹੈ। ਸੰਜੇ ਕੁਮਾਰ ਦੀ ਹਥਿਆਰਾਂ ਨਾਲ ਫਾਇਰਿੰਗ ਅਭਿਆਸ ਕਰਦਿਆਂ 9 ਅਪ੍ਰੈਲ 2019 ਨੂੰ ਉਨਾਂ ਦੀ ਮੌਤ ਹੋ ਗਈ ਸੀ। ਗਨਰ ਲੇਖ ਰਾਜ 7 ਅਗਸਤ, 2018 ਨੂੰ ਅਰੁਣਾਂਚਲ ਪ੍ਰਦੇਸ਼ ਵਿਖੇ ਸੀਮਾਂ ਰੇਖਾ ‘ਤੇ ਗਸ਼ਤ ਡਿਊਟੀ ਦੌਰਾਨ ਸ਼ਹੀਦ ਹੋ ਗਏ ਸਨ। ਸ਼ਹੀਦ ਦੇ ਭਰਾ ਅਮਨਦੀਪ ਨੂੰ ਰੱਖਿਆ ਸੇਵਾਵਾਂ ਭਲਾਈ ਵਿਭਾਗ ਪੰਜਾਬ ਵਿੱਚ ਬਤੌਰ ਕਲਰਕ ਨਿਯੁਕਤ ਕੀਤਾ ਗਿਆ ਹੈ। ਸ਼ਹੀਦ ਨਾਇਕ ਮਨਵਿੰਦਰ ਸਿੰਘ ਨਵੰਬਰ 18, 2019 ਨੂੰ ਸਿਆਚਿਨ ਗਲੇਸ਼ੀਅਰ ਦੇ ਉੱਚ ਖੇਤਰਾਂ ਵਿੱਚ ਡਿਊਟੀ ਦੌਰਾਨ ਸ਼ਹੀਦ ਹੋ ਗਏ ਸਨ। ਇਸ ਕੁਰਬਾਨੀ ਨੂੰ ਮਾਨਤਾ ਦਿੰਦਿਆਂ ਸ਼ਹੀਦ ਨਾਇਕ ਦੀ ਪਤਨੀ ਅਕਵਿੰਦਰ ਕੌਰ ਨੂੰ ਮਾਲ ਵਿਭਾਗ ਵਿੱਚ ਬਤੌਰ ਨਾਇਬ ਤਹਿਸੀਲਦਾਰ ਨਿਯੁਕਤ ਕੀਤਾ ਗਿਆ ਹੈ।