Preparations made by the Department : ਕੋਰੋਨਾ ਵਾਇਰਸ ਦੇ ਨਾਲ ਪੰਜਾਬ ਦੇ ਕਿਸਾਨਾਂ ਲਈ ਟਿੱਡੀ ਦਲ ਦੇ ਹਮਲੇ ਦਾ ਖਤਰਾ ਵੱਡੀ ਸਿਰਦਰਦੀ ਬਣਿਆ ਹੋਇਆ ਹੈ। ਰਾਜਸਥਾਨ ਦੇ ਕਈ ਇਲਾਕਿਆਂ ਵਿੱਚ ਟਿੱਡੀ ਦਲ ਕਿਸਾਨਾਂ ਦੀ ਕਈ ਏਕੜ ਫ਼ਸਲ ਬਰਬਾਦ ਕਰ ਚੁੱਕੇ ਇਸ ਟਿੱਡੀ ਦਲ ਦਾ ਖਤਰਾ ਉਥੇ ਅਜੇ ਟਲ ਗਿਆ ਹੈ ਪਰ ਹੁਣ ਆਉਣ ਵਾਲੇ ਸਮੇਂ ਵਿਚ ਪੰਜਾਬ ਦੇ ਕਿਸਾਨਾਂ ਨੂੰ ਵੀ ਟਿੱਡੀ ਦਲ ਦੇ ਹਮਲੇ ਦਾ ਡਰ ਸਤਾਉਣ ਲੱਗਾ ਹੈ। ਉਧਰ ਪੰਜਾਬ ਦਾ ਖੇਤੀਬਾੜੀ ਵਿਭਾਗ ਟਿੱਡੀ ਦਲ ਦੇ ਹਮਲੇ ਲਈ ਪੂਰੀ ਤਰ੍ਹਾਂ ਮੁਸਤੈਦ ਹੈ। ਉਸ ਵੱਲੋਂ ਟਿਡੀ ਦਲ ਦੇ ਪਹੁੰਚਣ ਤੋਂ ਪਹਿਲਾਂ ਹੀ ਇਸ ਨੂੰ ਖਤਮ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਟਿੱਡੀ ਦਲ ਨਾਲ ਨਜਿੱਠਣ ਲਈ ਵਿਭਾਗ ਵੱਲੋਂ 42 ਟੀਮਾਂ ਬਣਾਈਆਂ ਗਈਆਂ ਹਨ ਇਸ ਦੇ ਨਾਲ ਹੀ ਵਿਭਾਗ ਦੇ ਅਧਿਕਾਰੀਆਂ ਦੀਆਂ ਛੁੱਟੀਆਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ।
ਇਨ੍ਹਾਂ ਟੀਮਾਂ ਨੂੰ ਟਿੱਡੀ ਦਲ ਦੇ ਖਦਸ਼ੇ ਕਾਰਨ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਤਾਇਨਾਤ ਕੀਤਾ ਗਿਆ ਹੈ। ਇਸ ਸਬੰਧੀ ਇਕ ਯੋਜਨਾ ਤਿਆਰ ਕੀਤੀ ਗਈ ਹੈ ਜਿਸ ਨਾਲ ਕਿਸਾਨਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਛੜਕਾਅ ਲਈ ਦਵਾਈ ਦਾ ਸਟੋਕ ਵੀ ਤਿਆਰ ਕਰ ਲਿਆ ਗਿਆ ਹੈ। ਇਸ ਲਈ ਫਸਲਾਂ ਲਈ 1 ਕਰੋੜ ਦੀ ਦਵਾਈ ਖ੍ਰੀਦੀ ਜਾ ਚੁੱਕੀ ਹੈ। ਦੱਸ ਦੱਈਏ ਕਿ ਟਿੱਡੀ ਦਲ ਬਹੁਤਾ ਕਰ ਕੇ ਦਿਨ ਵੇਲੇ ਫਸਲਾਂ ਉੱਤੇ ਹਮਲਾ ਕਰਦਾ ਹੈ।
ਖੇਤੀਬਾੜੀ ਵਿਭਾਗ ਇਸ ਕੋਸ਼ਿਸ਼ ਵਿੱਚ ਹੈ ਕਿ ਟਿੱਡੀ ਦਲ ਨੂੰ ਜ਼ਿਲ੍ਹੇ ਵਿੱਚ ਆਉਣ ਤੋਂ ਰੋਕਿਆ ਜਾਵੇ ਤੇ ਇਸ ਲਈ ਕਿਸਾਨਾਂ ਦੀ ਮਦਦ ਲਈ ਜਾ ਰਹੀ ਹੈ। ਯੂ ਐੱਨ ਓ ਦੇ ਅਧੀਨ ਆਉਂਦੇ ਫੂਡ ਐਂਡ ਐਗਰੀਕਲਟਰ ਆਰਗੇਨਾਈਜੇਸ਼ਨ ਦੇ ਮੁਤਾਬਕ ਰੇਤਲੇ ਇਲਾਕਿਆਂ ਪਾਈਆਂ ਜਾਂਦੀਆਂ ਟਿੱਡੀਆਂ ਸਭ ਤੋਂ ਖਤਰਨਾਕ ਹਨ। ਇਹ 150 ਕਿਲੋਮੀਟਰ ਰਫ਼ਤਾਰ ਨਾਲ ਉੱਡ ਸਕਦੀਆਂ ਹਨ ਅਤੇ ਇੱਕ ਕਿਲੋਮੀਟਰ ਦੇ ਘੇਰੇ ਵਿੱਚ ਇਸ ਝੁੰਡ ਵਿੱਚ 15 ਕਰੋੜ ਤੋਂ ਵੱਧ ਟਿੱਡੀਆਂ ਹੋ ਸਕਦੀਆਂ ਹਨ। ਇਨ੍ਹਾਂ ਦਾ ਝੁੰਡ ਕਈ ਸੈਂਕੜੇ ਕਿਲੋਮੀਟਰ ਤਕ ਵੀ ਫੈਲਿਆ ਹੋ ਸਕਦਾ ਹੈ। ਸਾਲ 1875 ਵਿੱਚ ਅਮਰੀਕਾ ਵਿੱਚ 5,12,817 ਵਰਗ ਕਿਲੋਮੀਟਰ ਦਾ ਝੁੰਡ ਵੀ ਵੇਖਿਆ ਗਿਆ ਸੀ। ਇਹ ਰੇਗਿਸਤਾਨੀ ਟਿੱਡੀਆਂ ਹੁੰਦੀਆਂ ਹਨ ਤੇ ਇਨ੍ਹਾਂ ਨੂੰ ਬ੍ਰੀਡਿੰਗ ਲਈ ਰੇਤਲਾ ਇਲਾਕਾ ਪਸੰਦ ਹੁੰਦਾ ਹੈ। ਇਨ੍ਹਾਂ ਟਿੱਡੀਆਂ ਦੀ ਬ੍ਰੀਡਿੰਗ ਜੂਨ-ਜੁਲਾਈ ਤੋਂ ਅਕਤਬੂਰ-ਨਵੰਬਰ ਤਕ ਹੁੰਦੀ ਹੈ।ਟਿੱਡੀਆਂ ਦਾ ਝੁੰਡ ਹਵਾ ਦੇ ਰੁਖ਼ ਨਾਲ ਉੱਡਦਾ ਹੈ ਅਤੇ ਇੱਕੋ ਥਾਂ ਬੈਠਣ ਨਾਲ ਇਹ ਕਈ ਹਜ਼ਾਰ ਲੋਕਾਂ ਦੇ ਗੁਜ਼ਾਰੇ ਜੋਗੀ ਖੁਰਾਕ ਖਾ ਜਾਂਦਾ ਹੈ।