Alcohol is now expensive : ਹੁਣ ਸ਼ਰਾਬ ਦੇ ਸ਼ੌਕੀਨਾਂ ਨੂੰ ਬੋਤਲ ਖਰੀਦਣ ਲਈ ਵੱਧ ਕੀਮਤ ਚੁਕਾਉਣੀ ਪਏਗੀ ਕਿਉਂਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਇਸ ਦੀ ਕੀਮਤ ਵਿਚ ਵਾਧਾ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਸੋਮਵਾਰ ਨੂੰ ਇਕ ਅਹਿਮ ਫੈਸਲਾ ਲੈਂਦਿਆਂ ਸ਼ਰਾਬ ’ਤੇ ਕੋਵਿਡ ਸੈੱਸ ਦੇ ਰੂਪ ਵਿਚ ਵਾਧੂ ਐਕਸਾਈਜ਼ ਡਿਊਟੀ ਅਤੇ ਅਸੈਸਡ ਫੀਸ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਫੈਸਲਾ ਪਹਿਲੀ ਜੂਨ ਤੋਂ ਮਤਲਬ ਅੱਜ ਤੋਂ ਫੌਰੀ ਤੌਰ ’ਤੇ ਲਾਗੂ ਹੋ ਗਿਆ ਹੈ। ਨਵੇਂ ਫੈਸਲੇ ਅਧੀਨ ਸ਼ਰਾਬ ਦੀ ਕੀਮਤ 2 ਰੁਪਏ ਤੋਂ ਲੈ ਕੇ 50 ਰੁਪਏ ਤੱਕ ਵਧਾ ਦਿੱਤੀ ਗਈ ਹੈ। ਕੀਮਤ ਵਿਚ ਵਾਧਾ ਸ਼ਰਾਬ ਦੀ ਛੋਟੀ ਵੱਡੀ ਬੋਤਲ ਅਤੇ ਬਰਾਂਡ ਦੇ ਹਿਸਾਬ ਨਾਲ ਹੋਵੇਗਾ।
ਇਸ ਬਾਰੇ ਮੰਤਰੀਆਂ ਦਾ ਕਹਿਣਾ ਸੀ ਕਿ ਐਕਸਾਈਜ਼ ਵਿਭਾਗ ਨੂੰ ਪਿਛਲੇ ਸਮੇਂ ਦੌਰਾਨ 600 ਕਰੋੜ ਰੁਪਏ ਦਾ ਘਾਟਾ ਪਿਆ ਸੀ, ਜਿਸ ਤੋਂ ਬਾਅਦ ਹੁਣ ਸ਼ਰਾਬ ’ਤੇ ਐਕਸਾਈਜ਼ ਡਿਊਟੀ ਨੂੰ ਵਧਾ ਦਿੱਤਾ ਗਿਆ ਹੈ। ਇਸ ਤਰ੍ਹਾਂ ਇਕੱਠਾ ਕੀਤੀ ਗਈ ਵਾਧੂ ਰਕਮ ਪੰਜਾਬ ਵੱਲੋਂ ਕੋਵਿਡ-19 ਦੇ ਖਰਚਿਆਂ ਵਾਸਤੇ ਹੋਵੇਗੀ। ਦੱਸਣਯੋਗ ਹੈ ਕਿ ਦਿੱਲੀ ਵਿਚ ਕੇਜਰੀਵਾਲ ਸਰਕਾਰ ਵੱਲੋਂ ਵੀ ਸ਼ਰਾਬ ਦੀ ਕੀਮਤ ਵਿਚ 70 ਫੀਸਦੀ ਦਾ ਵਾਧਾ ਕਰਨ ਤੋਂ ਬਾਅਦ ਪੰਜਾਬ ਸਰਕਾਰ ਨੇ ਵੀ ਇਸੇ ਦੀ ਤਰਜ ’ਤੇ ਸ਼ਰਾਬ ਦੀਆਂ ਕੀਮਤਾਂ ਵਧਾਉਣ ਦਾ ਫੈਸਲਾ ਕੀਤਾ ਹੈ ਜੋਕਿ ਅੱਜ ਤੋਂ ਲਾਗੂ ਹੋ ਗਿਆ ਹੈ।