Islamic Centre India issues advisory: ਨਵੀਂ ਦਿੱਲੀ: ਧਾਰਮਿਕ ਸਥਾਨਾਂ ਨੂੰ 8 ਜੂਨ ਤੋਂ ਫਿਰ ਖੋਲ੍ਹੇ ਜਾਣ ਦੇ ਸਰਕਾਰ ਦੇ ਫੈਸਲੇ ਦੇ ਮੱਦੇਨਜ਼ਰ ਇਸਲਾਮਿਕ ਸੈਂਟਰ ਆਫ ਇੰਡੀਆ ਨੇ ਮਸਜਿਦਾਂ ਨੂੰ ਲੈ ਕੇ ਇੱਕ ਐਡਵਾਇਜ਼ਰੀ ਜਾਰੀ ਕੀਤੀ ਹੈ । ਸਰਕਾਰ ਵੱਲੋਂ ਜਾਰੀ ਇਸ ਐਡਵਾਇਜ਼ਰੀ ਵਿੱਚ ਕਿਹਾ ਗਿਆ ਹੈ ਕਿ ਮਸਜਿਦ ਵਿੱਚ ਭੀੜ ਜਮਾਂ ਨਾ ਹੋਣ ਦਿਓ । ਇਸਦੇ ਨਾਲ ਹੀ ਕਿਹਾ ਗਿਆ ਹੈ ਕਿ 10 ਸਾਲ ਤੋਂ ਘੱਟ ਅਤੇ 65 ਸਾਲ ਤੋਂ ਜ਼ਿਆਦਾ ਉਮਰ ਵਾਲੇ ਲੋਕ ਮਸਜਿਦ ਵਿੱਚ ਨਾ ਆਉਣ, ਘਰ ‘ਤੇ ਹੀ ਨਮਾਜ਼ ਅਦਾ ਕਰਨ ।
ਐਡਵਾਇਜ਼ਰੀ ਵਿੱਚ ਕਿਹਾ ਗਿਆ ਹੈ ਕਿ ਮਾਸਕ ਲਗਾ ਕੇ ਨਮਾਜ਼ ਅਦਾ ਕਰੋ ਅਤੇ ਵਜੂ ਘਰ ਤੋਂ ਹੀ ਕਰਕੇ ਜਾਓ । ਨਾਲ ਹੀ ਨਮਾਜ਼ ਵਿੱਚ ਸਮਾਜਿਕ ਦੂਰੀ ਦਾ ਖਾਸ ਖਿਆਲ ਰੱਖਣ ਲਈ ਕਿਹਾ ਗਿਆ ਹੈ । ਐਡਵਾਇਜ਼ਰੀ ਦੇ ਤਹਿਤ ਦੋ ਨਮਾਜ਼ੀਆਂ ਵਿਚਾਲੇ 6 ਫੁੱਟ ਦਾ ਫ਼ਾਸਲਾ ਹੋਵੇ ।
ਮਸਜਿਦ ਵਿੱਚ ਜਾਂਦੇ ਅਤੇ ਬਾਹਰ ਨਿਕਲਦੇ ਸਮੇਂ ਭੀੜ ਨਾ ਲਗਾਉਣ ਨੂੰ ਕਿਹਾ ਗਿਆ ਹੈ । ਨਾਲ ਹੀ ਕਿਹਾ ਗਿਆ ਹੈ ਕਿ ਮਸਜਿਦ ਵਿੱਚ ਰੱਖੀਆਂ ਹੋਈਆਂ ਟੋਪੀਆਂ ਦੀ ਵਰਤੋਂ ਨਾ ਕਰੋ, ਸਗੋਂ ਆਪਣੀਆਂ ਟੋਪੀਆਂ ਖੁਦ ਲਿਆਓ । ਐਡਵਾਈਜ਼ਰੀ ਦੇ ਤਹਿਤ ਜੇ ਤੁਸੀਂ ਨਮਾਜ਼ ਲਈ ਮਸਜਿਦ ਵਿੱਚ ਆਉਣਾ ਹੈ ਤਾਂ ਨਾ ਕਿਸੇ ਨੂੰ ਗਲੇ ਮਿਲੋ ਤੇ ਨਾ ਹੱਥ ਮਿਲਾਓ ਅਤੇ ਨਮਾਜ਼ ਚਟਾਈ ‘ਤੇ ਕਰਨ ਦੀ ਬਜਾਏ ਫਰਸ਼ ‘ਤੇ ਕਰੋ । ਇਸ ਤੋਂ ਇਲਾਵਾ ਹਰ ਨਮਾਜ਼ ਤੋਂ ਪਹਿਲਾਂ ਫਰਸ਼ ਨੂੰ ਡੀਟੋਲ ਅਤੇ ਫੀਨਾਈਲ ਨਾਲ ਸਾਫ਼ ਕਰੋ ।
ਦੱਸ ਦੇਈਏ ਕਿ ਲਾਕਡਾਊਨ 5.0 ਨੂੰ ਲੈ ਕੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਵਿੱਚ 8 ਜੂਨ ਤੋਂ ਧਾਰਮਿਕ ਸਥਾਨਾਂ ਅਤੇ ਜਨਤਕ ਸਥਾਨਾਂ, ਸ਼ਾਪਿੰਗ ਮਾਲਾਂ, ਹੋਟਲ ਅਤੇ ਰੈਸਟੋਰੈਂਟ ਖੋਲ੍ਹਣ ਦੀ ਆਗਿਆ ਦੇ ਦਿੱਤੀ ਗਈ ਹੈ ।