Now MP Bajwa has attacked : ਪੰਜਾਬ ਕਾਂਗਰਸ ‘ਚ ਇਕ ਵਾਰ ਫਿਰ ਵਿਵਾਦ ਪੈਦਾ ਹੋ ਗਿਆ ਹੈ। ਅਜੇ ਮੁੱਖ ਸਕੱਤਰ ਤੇ ਮੰਤਰੀਆਂ ਵਿਚਾਲੇ ਵਿਵਾਦ ਨਿਬੜਿਆ ਹੀ ਸੀ ਕਿ ਹੁਣ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ’ਤੇ ਹਮਲਾ ਬੋਲ ਦਿੱਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਤੇ ਦੂਜੇ ਜ਼ਿਲ੍ਹਿਆਂ ਦੇ ਵਿਧਾਇਕਾਂ ਨੂੰ ਤਾਂ ਮਨਾ ਲਿਆ ਪਰ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਜੇ ਵੀ ਤਿੰਨ ਕਾਂਗਰਸੀ ਵਿਧਾਇਕਾਂ ਨਾਲ ਮੁੱਖ ਮੰਤਰੀ ’ਤੇ ਨਿਸ਼ਾਨਾ ਵਿੰਨ੍ਹਿਆ ਹੈ। ਪ੍ਰਤਾਪ ਬਾਜਵਾ ਨੇ ਹੁਣ ਸੂਬੇ ਦੀਆਂ ਗੰਨਾ ਮਿੱਲਾਂ ਵੱਲ ਪਏ ਕਿਸਾਨਾਂ ਦੇ ਬਕਾਏ ਦਾ ਮੁੱਦਾ ਚੁੱਕਿਆ ਹੈ।
ਬਾਜਵਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖੀ ਹੈ ਜਿਸ ‘ਚ ਫਤਹਿਜੰਗ ਸਿੰਘ ਬਾਜਵਾ, ਬਲਵਿੰਦਰ ਸਿੰਘ ਲਾਡੀ ਤੇ ਜੋਗਿੰਦਰ ਸਿੰਘ ਪਾਲ ਦੇ ਵੀ ਦਸਤਖ਼ਤ ਹਨ। ਚਿੱਠੀ ਵਿਚ ਬਾਜਵਾ ਨੇ ਕਿਹਾ ਕਿ ਸੂਬੇ ਦੀਆਂ ਸਹਿਕਾਰੀ ਤੇ ਗੈਰ ਸਰਕਾਰੀ ਮਿੱਲਾਂ ਵੱਲ ਦੋ ਸਾਲ ਦਾ 681.48 ਕਰੋੜ ਦਾ ਬਕਾਇਆ ਹੈ। ਨਿਯਮਾਂ ਮੁਤਾਬਕ ਮਿੱਲ ਵੱਲੋਂ ਗੰਨੇ ਦੀ ਖਰੀਦ ਦੇ 14 ਦਿਨਾਂ ਦੇ ਅੰਦਰ ਅਦਾਇਗੀ ਕਰਨੀ ਹੁੰਦੀ ਹੈ। ਜੇਕਰ ਉਹ ਅਜਿਹਾ ਨਹੀਂ ਕਰਦੀ ਤਾਂ ਮਿੱਲ ਨੂੰ ਵਿਆਜ਼ ਦੇਣਾ ਪੈਂਦਾ ਹੈ। ਬਾਜਵਾ ਨੇ ਕਿਹਾ ਕਿ ਜੇਕਰ ਦਸੂਹਾ ਦੀ ਏਬੀ ਸ਼ੂਗਰ ਮਿੱਲ ਤੇ ਅਮਲੋਹ ਦੀ ਮਿੱਲ 2018-19 ਤੇ 2019-2020 ਦੀ ਅਦਾਇਗੀ ਕਤਰ ਸਕਦੀ ਹੈ ਤਾਂ ਹੋਰ ਮਿੱਲਾਂ ਕਿਉਂ ਨਹੀਂ ਕਰ ਸਕਦੀਆਂ।
ਪ੍ਰਤਾਪ ਸਿੰਘ ਬਾਜਵਾ ਮੁਤਾਬਕ ਇੰਡੀਅਨ ਸੁਕ੍ਰੋਜ਼ ਮੁਕੇਰੀਆਂ ਵੱਲੋਂ ਦੋ ਸਾਲ ਦਾ 130 ਕਰੋੜ, ਫਗਵਾੜਾ ਮਿੱਲ 80 ਕਰੋੜ, ਬੁਟਰ ਸੇਵੀਆਂ 43 ਕਰੋੜ, ਕੀੜੀ ਅਫਗਾਨਾ 100 ਕਰੋੜ ਤੇ ਧੂਰੀ ਸ਼ੂਗਰ ਮਿੱਲ ਵੱਲ 30 ਕਰੋੜ ਬਕਾਇਆ ਹੈ। ਜਦਕਿ ਨਵਾਂਸ਼ਹਿਰ ਦੀ ਸਹਿਕਾਰੀ ਮਿੱਲ ਵੱਲ 42 ਕਰੋੜ, ਬੁੱਢੇਵਾਲ 22.27 ਕਰੋੜ, ਮੋਰਿੰਡਾ 29 ਕਰੋੜ, ਫਾਜ਼ਿਲਕਾ 17.47 ਕਰੋੜ, ਗੁਰਦਾਸਪੁਰ 45.50 ਕਰੋੜ, ਅਜਨਾਲਾ 52.52 ਕਰੋੜ, ਨਕੋਦਰ 35.63 ਕਰੋੜ ਅਤੇ ਭੋਗਪੁਰ ਸਹਿਕਾਰੀ ਮਿੱਲ ਵੱਲ 29.84 ਕਰੋੜ ਰੁਪਏ ਬਕਾਇਆ ਹੈ।