Corona outbreak on the : ਪੂਰਾ ਵਿਸ਼ਵ ਕੋਰੋਨਾ ਵਿਰੁੱਧ ਜੰਗ ਲੜ ਰਿਹਾ ਹੈ। ਸੂਬੇ ਵਿਚ ਵੀ ਰੋਜ਼ਾਨਾ ਕੇਸਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਟਾਂਡਾ ਵਿਚ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਟਾਂਡਾ ਦੇ ਜਲਾਲਪੁਰ ਵਿਖੇ 3 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਹੁਸ਼ਿਆਰਪੁਰ ਵਿਚ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ 134 ਹੋ ਗਈ ਹੈ ਤੇ ਟਾਂਡਾ ਵਿਚ ਇਹ ਅੰਕੜਾ 29 ਤਕ ਪੁੱਜ ਗਿਆ ਹੈ। ਇਸ ਖਤਰਨਾਕ ਵਾਇਰਸ ਨਾਲ ਹੁਣ ਤਕ ਹੁਸ਼ਿਆਰਪੁਰ ਵਿਚ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ 9 ਕੋਰੋਨਾ ਪਾਜੀਟਿਵ ਮਰੀਜ਼ਾਂ ਨੇ ਕੋਰੋਨਾ ਵਿਰੁੱਧ ਜੰਗ ਜਿੱਤੀ ਵੀ ਹੈ।
ਸਿਹਤ ਵਿਭਾਗ ਵਲੋਂ ਕੋਰੋਨਾ ਪਾਜੀਟਿਵ ਵਿਅਕਤੀਆਂ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਦੇ ਟੈਸਟ ਲਏ ਜਾ ਸਕਣ। SMO ਕੇ. ਆਰ. ਬਾਲੀ ਨੇ ਇਸ ਸਾਰੇ ਮਾਮਲੇ ਦੀ ਜਾਣਕਾਰੀ ਦਿੱਤੀ। ਸੈਂਪਲ ਲੈਣ ਵਾਲੀ ਟੀਮ ਵਿਚ ਡਾ. ਹਰਪ੍ਰੀਤ ਸਿੰਘ, ਕਰਨ ਵਿਰਕ, ਰਵੀ ਕੁਮਾਰ, ਸ਼ਵਿੰਦਰ ਸਿੰਘ, ਰਵਿੰਦਰ ਸਿੰਘ ਤੇ ਬਲਜੀਤ ਸਿੰਘ ਹਾਜ਼ਰ ਸਨ। ਉਨ੍ਹਾਂ ਨੇ ਟਾਂਡਾ ਦੇ ਲਗਭਗ 49 ਲੋਕਾਂ ਦੇ ਸੈਂਪਲ ਲਏ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵਲੋਂ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਜੇਕਰ ਕੋਈ ਵੀ ਪ੍ਰਸ਼ਾਸਨਿਕ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ 2000 ਰੁਪਏ ਜੁਰਮਾਨਾ ਵੀ ਕੀਤਾ ਜਾਵੇਗਾ। ਲੋਕਾਂ ਨੂੰ ਘਰਾਂ ਵਿਚ ਹੀ ਕੁਆਰੰਟਾਈਨ ਹੋਣ ਲਈ ਕਿਹਾ ਗਿਆ ਹੈ ਤੇ ਪ੍ਰਭਾਵਿਤ ਇਲਾਕਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ।
ਬੀਤੇ ਦਿਨੀਂ ਟਾਂਡਾ ਪੁਲਿਸ ਵਲੋਂ ਦੋ ਵਿਰੁੱਧ ਕੋਵਿਡ-19 ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਲਈ ਕੇਸ ਵੀ ਦਰਜ ਕੀਤਾ ਗਿਆ। ਇਨ੍ਹਾਂ ਵਿਚੋਂ ਬਲਦੇਵ ਸਿੰਘ ਨੂੰ 20 ਮਈ ਨੂੰ ਲੰਗਰ ਲਗਾਉਣ ਅਤੇ ਸਰਬਜੀਤ ਕੌਰ ਨੂੰ ਟੈਸਟ ਕਰਵਾਉਣ ਤੋਂ ਮਨ੍ਹਾ ਕਰਨ ਤਹਿਤ ਸਖਤ ਹੱਥੀਂ ਲਿਆ ਗਿਆ। ਸੂਬਾ ਸਰਕਾਰ ਵਲੋਂ ਵਾਰ-ਵਾਰ ਲੋਕਾਂ ਨੂੰ ਐਡਵਾਈਜਰੀ ਜਾਰੀ ਕੀਤੀ ਜਾ ਰਹੀ ਹੈ ਜਿਸ ਅਧੀਨ ਹਰੇਕ ਨੂੰ ਚਾਹੀਦਾ ਹੈ ਕਿ ਜੇ ਕੋਰੋਨਾ ਤੋਂ ਆਪਣੇ ਆਪ ਨੂੰ ਤੇ ਪਰਿਵਾਰ ਨੂੰ ਬਚਾਉਣਾ ਹੈ ਤਾਂ ਸਰਕਾਰ ਵਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।