ASI of Begowal reported Corona : ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਅੱਜ ਤਾਜ਼ਾ ਮਾਮਲੇ ਵਿਚ ਕਪੂਰਥਲਾ ਦੇ ਹਲਕੇ ਭੁਲੱਥ ਤੋਂ ਕੋਰੋਨਾ ਵਾਇਰਸ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ, ਜਿਥੇ ਪੁਲਿਸ ਥਾਣੇ ਬੇਗੋਵਾਲ ਦੇ ਏਐਸਆਈ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਥੇ ਜ਼ਿਕਰਯੋਗ ਹੈ ਕਿ ਇਹ ਏਐਸਆਈ ਹੁਸ਼ਿਆਰਪੁਰ ਜ਼ਿਲੇ ਦੇ ਦਸੂਹਾ ਇਲਾਕੇ ਦੇ ਗੋਰਸੀਆਂ ਪਿੰਡ ਦਾ ਰਹਿਣ ਵਾਲਾ ਹੈ ਅਤੇ ਬੇਗੋਵਾਲ ਥਾਣੇ ਵਿਚ ਡਿਊਟੀ ’ਤੇ ਤਾਇਨਾਤ ਹੈ।
ਕੱਲ੍ਹ ਰਾਤ ਵੀ 8 ਵਜੇ ਉਹ ਬੇਗੋਵਾਲ ਥਾਣੇ ਤੋਂ ਡਿਊਟੀ ਕਰਕੇ ਆਪਣੇ ਪਿੰਡ ’ਚ ਘਰੇ ਗਿਆ ਸੀ। ਹੁਣ ਉਸ ਦੀ ਰਿਪੋਰਟ ਪਾਜ਼ੀਟਿਵ ਆਈ ਹੈ, ਜਿਸ ਤੋਂ ਬਾਅਦ ਬੇਗੋਵਾਲ ਸ਼ਹਿਰ ਅਤੇ ਏਐਸਆਈ ਦੇ ਰਿਹਾਇਸ਼ੀ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਕੋਵਿਡ-19 ਸੰਕਟ ਦੇ ਚੱਲਦਿਆਂ ਪੁਲਿਸ ਦੀ ਇਲਾਕੇ ਵਿਚ ਡਿਊਟੀ ਬਦਲਦੀ ਰਹਿੰਦੀ ਹੈ। ਇਸ ਮਾਮਲੇ ਦੀ ਪੁਸ਼ਟੀ ਸਿਵਲ ਸਰਜਨ ਕਪੂਰਥਲਾ ਡਾ. ਜਸਮੀਤ ਕੌਰ ਬਾਵਾ ਵੱਲੋਂ ਕੀਤੀ ਗਈ ਹੈ।
ਉਨ੍ਹਾਂ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੂਲ ਸੈਂਪਲਿੰਗ ਦੌਰਾਨ ਥਾਣਾ ਬੇਗੋਵਾਲ ਤੋਂ ਪੁਲਿਸ ਮੁਲਾਜ਼ਮਾਂ ਦੇ ਕੋਰੋਨਾ ਜਾਂਚ ਲਈ ਸੈਂਪਲ ਲਏ ਗਏ ਸਨ, ਜਿਨ੍ਹਾਂ ਵਿਚੋਂ ਇਕ ਏਐਸਆਈ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਸਮੇਂ ਏਐਸਆਈ ਆਪਣੇ ਹੁਸ਼ਿਆਰਪੁਰ ਵਿਚ ਸਥਿਤ ਪਿੰਡ ਵਿਚ ਹੀ ਹੈ। ਹੁਸ਼ਿਆਰਪੁਰ ਜ਼ਿਲੇ ਦਾ ਵਸਨੀਕ ਹੋਣ ਕਾਰਨ ਇਸ ਮਾਮਲੇ ਸਬੰਧੀ ਉਥੇ ਦੇ ਸਿਵਲ ਸਰਜਨ ਨੂੰ ਵੀ ਦੱਸ ਦਿੱਤਾ ਗਿਆ ਹੈ ਅਤੇ ਹੁਣ ਇਸ ਪਾਜ਼ੀਟਿਵ ਆਏ ਏਐਸਆਈ ਨੂੰ ਹੁਸ਼ਿਆਰਪੁਰ ਦੇ ਕੋਵਿਡ ਕੇਅਰ ਸੈਂਟਰ ਵਿਚ ਰਖਿਆ ਜਾਵੇਗਾ। ਜ਼ਿਕਰਯੋਗ ਹੈ ਕਿ ਪੁਲਿਸ ਮੁਲਾਜ਼ਮਾਂ ਦੀ ਸਖਤ ਡਿਊਟੀ ਦੇ ਚੱਲਦਿਆਂ ਉਨ੍ਹਾਂ ਦੇ ਕੋਰੋਨਾ ਪਾਜ਼ੀਟਿਵ ਹੋਣ ਦੇ ਮਾਮਲੇ ਵੀ ਸਾਹਮਣੇ ਆਉਂਦੇ ਰਹੇ ਹਨ। ਦੱਸਣਯੋਗ ਹੈ ਕਿ ਜ਼ਿਲਾ ਬਰਨਾਲਾ ਵਿਚ ਵੀ ਪੁਲਿਸ ਵੱਲੋਂ ਫੜਿਆ ਗਿਆ ਇਕ ਮੁਲਜ਼ਮ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ, ਜਿਸ ਤੋਂ ਬਾਅਦ ਹੁਣ ਉਥੇ ਦੇ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਕੁਆਰੰਟਾਈਨ ਕੀਤਾ ਜਾਵੇਗਾ।