World Environment Day 2020: ਨਵੀਂ ਦਿੱਲੀ: ਦੇਸ਼ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਜਾ ਰਿਹਾ ਹੈ । ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਧਰਤੀ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਵਧੀਆ ਸਥਾਨ ਬਣਾਉਣ ਲਈ ਸ਼ੁੱਕਰਵਾਰ ਨੂੰ ਸਮੂਹਕ ਯਤਨ ਕਰਨ ਦੀ ਮੰਗ ਕੀਤੀ ਹੈ ।
ਪ੍ਰਧਾਨ ਮੰਤਰੀ ਨੇ ਟਵਿੱਟਰ ‘ਤੇ ਲਿਖਿਆ, “ਵਿਸ਼ਵ ਵਾਤਾਵਰਣ ਦਿਵਸ ‘ਤੇ ਅਸੀਂ ਆਪਣੀ ਧਰਤੀ ਦੀ ਅਮੀਰ ਜੈਵ ਵਿਭਿੰਨਤਾ ਨੂੰ ਸੁਰੱਖਿਅਤ ਰੱਖਣ ਦੇ ਆਪਣੇ ਵਾਅਦੇ ਨੂੰ ਦੁਹਰਾਉਂਦੇ ਹਾਂ । ਆਓ ਅਸੀਂ ਸਮੂਹਕ ਤੌਰ ‘ਤੇ ਬਨਸਪਤੀ ਅਤੇ ਜੀਵ-ਜੰਤੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਰ ਕੋਸ਼ਿਸ਼ ਕਰੀਏ ਜਿਸ ਤੋਂ ਧਰਤੀ ਪ੍ਰਫੁੱਲਤ ਹੋ ਰਹੀ ਹੈ ।”
ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਲਿਖਿਆ, ” ਕਾਸ਼ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਇੱਕ ਉੱਤਮ ਧਰਤੀ ਬਣਾਉਣ ਦੇ ਯੋਗ ਹੋ ਸਕੀਏ।” ਪੀ ਐੱਮ ਮੋਦੀ ਨੇ ਹਾਲ ਹੀ ਵਿੱਚ ‘ਮਨ ਕੀ ਬਾਤ’ ਪ੍ਰੋਗਰਾਮ ਦੀ ਵੀਡੀਓ ਵੀ ਸਾਂਝੀ ਕੀਤੀ । ਜਿਸ ਵਿੱਚ ਉਨ੍ਹਾਂ ਨੇ ਵਿਸ਼ਵ ਵਾਤਾਵਰਣ ਦਿਵਸ ਦਾ ਜ਼ਿਕਰ ਕੀਤਾ ਸੀ । ਉਨ੍ਹਾਂ ਕਿਹਾ, ‘ਇਸ ਸਾਲ ਦਾ ਵਿਸ਼ਾ ਜੈਵ ਵਿਭਿੰਨਤਾ ਹੈ ਜੋ ਅੱਜ ਦੀ ਸਥਿਤੀ ਵਿੱਚ ਵਿਸ਼ੇਸ਼ ਤੌਰ ‘ਤੇ ਢੁੱਕਵਾਂ ਹੈ । ਲਾਕਡਾਊਨ ਕਾਰਨ ਪਿਛਲੇ ਕੁਝ ਹਫ਼ਤਿਆਂ ਵਿੱਚ ਜ਼ਿੰਦਗੀ ਦੀ ਰਫਤਾਰ ਥੋੜੀ ਜਿਹੀ ਹੌਲੀ ਹੋ ਗਈ ਹੈ, ਪਰ ਇਸ ਨੇ ਸਾਨੂੰ ਆਪਣੇ ਆਲੇ-ਦੁਆਲੇ ਦੀ ਕੁਦਰਤ ਦੀ ਅਮੀਰ ਵਿਭਿੰਨਤਾ ਜਾਂ ਜੀਵ-ਵਿਭਿੰਨਤਾ ਬਾਰੇ ਆਪਣੇ ਆਪ ਨੂੰ ਸਮਝਣ ਦਾ ਮੌਕਾ ਦਿੱਤਾ । ਉਨ੍ਹਾਂ ਕਿਹਾ ਕਿ ਪੰਛੀਆਂ ਦੀਆਂ ਕਈ ਕਿਸਮਾਂ ਹਵਾ ਅਤੇ ਆਵਾਜ਼ ਪ੍ਰਦੂਸ਼ਣ ਕਾਰਨ ਅਲੋਪ ਹੋ ਗਈਆਂ ਸਨ, ਪਰ ਇੰਨੇ ਸਾਲਾਂ ਤੋਂ ਬਾਅਦ ਲੋਕ ਆਪਣੇ ਘਰਾਂ ਵਿੱਚ ਫਿਰ ਤੋਂ ਉਹ ਸੁੰਦਰ ਅਵਾਜ਼ਾਂ ਸੁਣ ਸਕਦੇ ਹਨ ।
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਬਰਸਾਤੀ ਪਾਣੀ ਨੂੰ ਬਚਾਉਣ ਦੀ ਅਪੀਲ ਵੀ ਕੀਤੀ । ਉਨ੍ਹਾਂ ਕਿਹਾ ਕਿ ਬਰਸਾਤੀ ਪਾਣੀ ਦੀ ਸੰਭਾਲ ਦੇ ਰਵਾਇਤੀ ਢੰਗ ਬਹੁਤ ਅਸਾਨ ਹਨ ਅਤੇ ਉਨ੍ਹਾਂ ਦੀ ਮਦਦ ਨਾਲ ਅਸੀਂ ਪਾਣੀ ਦੀ ਬਚਤ ਕਰ ਸਕਦੇ ਹਾਂ । ਉਨ੍ਹਾਂ ਨੇ ਲੋਕਾਂ ਨੂੰ ਬੂਟੇ ਲਗਾਉਣ ਅਤੇ ਇਸ ਤੇ ਪ੍ਰਣ ਲੈਣ ਲਈ ਵੀ ਕਿਹਾ ਤਾਂ ਜੋ ਸਾਡਾ ਕੁਦਰਤ ਨਾਲ ਰਿਸ਼ਤਾ ਬਣ ਸਕੇ । ਪੰਛੀਆਂ ਬਾਰੇ ਉਨ੍ਹਾਂ ਕਿਹਾ ਕਿ ਗਰਮੀ ਵੱਧ ਰਹੀ ਹੈ, ਇਸ ਲਈ ਪੰਛੀਆਂ ਲਈ ਪਾਣੀ ਰੱਖਣਾ ਨਾ ਭੁੱਲੋ ।