Action taken against seed sellers : ਪਟਿਆਲਾ ਪੁਲਿਸ ਵੱਲੋਂ ਸਥਾਨਕ ਸ਼ਹਿਰ ਤੋਂ ਇੱਕ ਬੀਜ ਵਿਕਰੇਤਾ ਨੂੰ ਗ੍ਰਿਫ਼ਤਾਰ ਕਰਕੇ ਅਣ-ਅਧਿਕਾਰਤ ਤਰੀਕੇ ਨਾਲ ਵੱਧ ਕੀਮਤ ’ਤੇ ਵੇਚੇ ਜਾ ਰਹੇ ਝੋਨੇ ਦੀ ਕਿਸਮ ਪੀ.ਆਰ. 128 ਅਤੇ ਪੀ.ਆਰ. 129 ਦੇ ਬੀਜਾਂ ਦੇ 93 ਥੈਲੇ ਜ਼ਬਤ ਕੀਤੇ ਗਏ ਹਨ। ਇਹ ਜਾਣਕਾਰੀ ਪਟਿਆਲਾ ਦੇ ਜ਼ਿਲ੍ਹਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ ਵੱਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਬੀਜ ਇੰਸਪੈਕਟਰ-ਕਮ-ਖੇਤੀਬਾੜੀ ਵਿਕਾਸ ਅਫ਼ਸਰ ਬਲਾਕ ਪਟਿਆਲਾ ਸ਼੍ਰੀਮਤੀ ਜਸਪਿੰਦਰ ਕੌਰ ਦੀ ਸ਼ਿਕਾਇਤ ‘ਤੇ ਮੁਕੱਦਮਾ ਦਰਜ ਕਰਕੇ ਵਿਸ਼ਨੂ ਬੀਜ ਸਟੋਰ ਅਨਾਜ ਮੰਡੀ ਪਟਿਆਲਾ ਦੇ ਮਾਲਕ ਰਾਧੇ ਸ਼ਿਆਮ ਨੂੰ ਨਾਮਜਦ ਕੀਤਾ ਗਿਆ ਹੈ।
ਸ. ਸਿੱਧੂ ਨੇ ਦੱਸਿਆ ਕਿ ਇਹ ਬੀਜ ਵਿਕਰੇਤਾ ਝੋਨੇ ਦੇ ਬੀਜਾਂ ਦੀ ਕਿਸਮ ਪੀ.ਆਰ. 128, ਜਿਸ ਦੀ ਕੀਮਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ 70 ਰੁਪਏ ਅਤੇ ਪੀ.ਆਰ. 129 ਦੇ ਬੀਜ ਦੀ ਕੀਮਤ 62.50 ਰੁਪਏ ਨਿਰਧਾਰਤ ਕੀਤੀ ਗਈ ਸੀ ਨੂੰ ਵੇਚਣ ਦਾ ਅਧਿਕਾਰ ਨਹੀਂ ਸੀ ਰੱਖਦਾ ਪਰੰਤੂ ਇਹ ਕਿਸਾਨਾਂ ਨਾਲ ਧੋਖਾਧੜੀ ਕਰਦਿਆਂ ਅਣ-ਅਧਿਕਾਰਤ ਤਰੀਕੇ ਨਾਲ ਧੋਖਾਧੜੀ ਕਰਦਿਆਂ ਕਿਸਾਨਾਂ ਤੋਂ ਵਾਧੂ ਮੁੱਲ ਲੈਕੇ 100 ਰੁਪਏ ਪ੍ਰਤੀ ਕਿੱਲੋ ਵੇਚ ਰਿਹਾ ਸੀ। ਸ. ਸਿੱਧੂ ਨੇ ਦੱਸਿਆ ਕਿ ਜਿਸ ‘ਤੇ ਕਾਰਵਾਈ ਕਰਦਿਆਂ ਖੇਤੀਬਾੜੀ ਵਿਭਾਗ ਅਤੇ ਪੁਲਿਸ ਨੇ ਸਾਂਝੇ ਤੌਰ ‘ਤੇ ਇਸ ਦੇ ਬੀਜਾਂ ਦੀ ਦੁਕਾਨ ‘ਤੇ ਛਾਪਾ ਮਾਰਦਿਆਂ ਅਣ-ਅਧਿਕਾਰਤ ਤੌਰ ‘ਤੇ ਰੱਖੇ ਗਏ 93 ਥੈਲੇ (10 ਕਿੱਲੋ ਪ੍ਰਤੀ ਥੈਲਾ) ਜ਼ਬਤ ਕੀਤੇ। ਉਨ੍ਹਾਂ ਦੱਸਿਆ ਕਿ ਦੁਕਾਨ ਦੇ ਮਾਲਕ ਰਾਧੇ ਸ਼ਿਆਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਡੀਜੀਪੀ ਦਿਨਕਰ ਗੁਪਤਾ ਵੱਲੋਂ ਬੀਜ ਘਪਲੇ ਮਾਮਲੇ ਦੀ ਜਾਂਚ ਲਈ ਇਕ ਸੂਬਾ ਪੱਧਰੀ ਐਸਆਈਟੀ ਦਾ ਗਠਨ ਕੀਤਾ ਗਿਆ ਹੈ ਤੇ ਇਸ ਮਾਮਲੇ ਵਿਚ ਇਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆਹੈ। ਲੁਧਿਆਣਾ ਵਿਚ ਅਣਅਧਿਕਾਰਤ ਤੌਰ ’ਤੇ ਗੈਰ ਪ੍ਰਮਾਣਿਤ ਝੋਨੇ ਦੇ ਬੀਜ ਵੇਚਣ ਦੇ ਦੋਸ਼ ਹੇਠ 12 ਹੋਰ ਡੀਲਰਸ਼ਿਪਾਂ ਨੂੰ ਰੱਦ ਕਰ ਦਿੱਤਾ ਗਿਆ ਹੈ।