A fire broke out in a grocery and : ਇਕ ਪਾਸੇ ਜਿਥੇ ਪਹਿਲਾਂ ਲੌਕਡਾਊਨ ਕਾਰਨ ਦੁਕਾਨਾਂ ਨਾ ਖੁੱਲ੍ਹਣ ਕਾਰਨ ਲੋਕਾਂ ਨੂੰ ਕਾਫੀ ਆਰਿਥਕ ਮੰਦਹਾਲੀ ਤੋਂ ਗੁਜ਼ਰਨਾ ਪੈ ਰਿਹਾ ਹੈ ਉਥੇ ਲਹਿਰਾਗਾਗਾ ਤੋਂ ਇਕ ਬੁਰੀ ਖਬਰ ਆਈ ਹੈ ਜਿਥੇ ਕਰਿਆਨਾ ਤੇ ਕਨਫੈਕਸ਼ਨਰੀ ਦੀ ਦੁਕਾਨ ਵਿਚ ਅਚਾਨਕ ਅੱਗ ਲੱਗ ਗਈ, ਜਿਸ ਨਾਲ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਵਿਜੇ ਕੁਮਾਰ ਪੁੱਤਰ ਰਾਮਪਾਲ ਵਾਰਡ ਨੰਬਰ 9 ਥਾਣਾ ਸਦਰ ਨੇੜੇ ਕਿਰਾਏ ਦੀ ਦੁਕਾਨ ਵਿਚ ਕਰਿਆਨਾ ਤੇ ਕਨਫੈਕਸ਼ਨਰੀ ਦਾ ਮਾਲ ਰੱਖ ਕੇ ਆਪਣਾ ਗੁਜ਼ਾਰਾ ਕਰਦਾ ਸੀ ਪਰ ਅੱਜ ਅਚਾਨਕ ਅੱਗ ਲੱਗਣ ਨਾਲ ਉਸ ਦਾ ਕਾਫੀ ਨੁਕਸਾਨ ਹੋ ਗਿਆ। ਵਿਜੇ ਕੁਮਾਰ ਨੇ ਦੱਸਿਆ ਕਿ ਅੱਜ ਜਦੋਂ ਉਹ ਸਵੇਰੇ 9 ਵਜੇ ਦੁਕਾਨ ਖੋਲ੍ਹਣ ਆਇਆ ਤਾਂ ਦੁਕਾਨ ਵਿਚ ਅੱਗ ਲੱਗੀ ਹੋਈ ਸੀ। ਉਸ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਭਿਆਨਕ ਹੋਣ ਕਾਰਨ ਉਹ ਅੱਗ ਨੂੰ ਬੁਝਾਉਣ ਵਿਚ ਸਫਲ ਨਹੀਂ ਹੋ ਸਕਿਆ।
ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ ਤੇ ਪੁਲਿਸ ਤੇ ਲੋਕਾਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ ਗਿਆ ਪਰ ਜਦੋਂ ਤਕ ਅੱਗ ‘ਤੇ ਕਾਬੂ ਪਾਇਆ ਗਿਆ ਉਦੋਂ ਤਕ ਸਾਰਾ ਸਾਮਾਨ ਨਸ਼ਟ ਹੋ ਗਿਆ ਸੀ। ਪੀੜਤ ਨੇ ਦੱਸਿਆ ਕਿ ਸ਼ਹਿਰ ਵਿਚ ਫਾਇਰ ਬ੍ਰਿਗੇਡ ਦੀ ਸਹੂਲਤ ਨਾ ਹੋਣ ਕਾਰਨ ਲੋਕਾਂ ਵਲੋਂ ਬਾਲਟੀਆਂ ਨਾਲ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅੱਗ ‘ਤੇ ਕਾਬੂ ਪਾਉਣ ਵਿਚ ਬਹੁਤ ਸਮਾਂ ਲੱਗ ਗਿਆ। ਇਸੇ ਜੱਦੋ-ਜਹਿਦ ਵਿਚ ਖੁਦ ਵਿਜੇ ਕੁਮਾਰ ਵੀ ਜ਼ਖਮੀ ਹੋ ਗਿਆ। ਲੋਕਾਂ ਨੇ ਦੱਸਿਆ ਕਿ ਜੇਕਰ ਉਥੇ ਫਾਇਰ ਬ੍ਰਿਗੇਡ ਦੀ ਮਦਦ ਮਿਲ ਜਾਂਦੀ ਦਾਂ ਲੱਖਾਂ ਦਾ ਨੁਕਸਾਨ ਹੋਣ ਤੋਂ ਬਚ ਜਾਣਾ ਸੀ। ਉਨ੍ਹਾਂ ਵਿਚ ਪ੍ਰਸ਼ਾਸਨ ਪ੍ਰਤੀ ਬਹੁਤ ਰੋਸ ਸੀ।
ਇਸ ਸਬੰਧੀ ਭਾਜਪਾ ਦੇ ਆਗੂ ਵਿਨੋਦ ਸਿੰਗਲਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਕ ਤਾਂ ਸ਼ਹਿਰ ਵਿਚ ਫਾਇਰ ਬਿਗ੍ਰੇਡ ਦੀ ਵਿਵਸਥਾ ਕੀਤੀ ਜਾਵੇ ਤਾਂ ਜੋ ਉਥੋਂ ਦੇ ਦੁਕਾਨਦਾਰ ਅੱਗ ਤੋਂ ਹੋਣ ਵਾਲੇ ਨੁਕਸਾਨ ਤੋਂ ਬਚ ਸਕਣ ਤੇ ਨਾਲ ਹੀ ਉਨ੍ਹਾਂ ਨੇ ਪੀੜਤ ਵਿਜੇ ਕੁਮਾਰ ਨੂੰ ਮੁਆਵਜ਼ਾ ਦੇਣ ਦੀ ਵੀ ਮੰਗ ਕੀਤੀ।