Cantonment zone declared : ਲੁਧਿਆਣਾ ਦੇ ਛਾਉਣੀ ਮੁਹੱਲਾ ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ। ਇਹ ਲੁਧਿਆਣਾ ਦਾ ਪਹਿਲਾ ਕੰਟੇਨਮੈਂਟ ਜ਼ੋਨ ਹੈ। ਇਥੇ ਇਕ ਹੀ ਮੁਹੱਲੇ ਵਿਚ 15 ਲੋਕ ਕੋਰੋਨਾ ਪਾਜੀਟਿਵ ਹਨ। ਇਸ ਤੋਂ ਇਲਾਵਾ ਜਿਲ੍ਹੇ ਵਿਚ ਸ਼ੁੱਕਰਵਾਰ ਨੂੰ 9 ਪਾਜੀਟਿਵ ਕੇਸ ਸਾਹਮਣੇ ਆਏ। ਡਾ. ਰਾਜੇਸ਼ ਬੱਗਾ ਸਿਵਲ ਸਰਜਨ ਨੇ ਦੱਸਿਆ ਕਿ ਉਨ੍ਹਾਂ ਨੇ ਛਾਉਣੀ ਨੂੰ ਕੰਟੇਨਮੈਂਟ ਜ਼ੋਨ ਬਣਾਏ ਜਾਣ ਨੂੰ ਲੈ ਕੇ ਡੀ. ਸੀ. ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਕਿਹਾ ਕਿ ਛਾਉਣੀ ਮੁਹੱਲੇ ਵਿਚ 15 ਤੋਂ ਵਧ ਕੇਸ ਪਾਜੀਟਿਵ ਹਨ ਇਸ ਲਈ ਉਸ ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ।
ਸਿਹਤ ਵਿਭਾਗ ਵਲੋਂ ਇਸ ਏਰੀਏ ਵਿਚ ਟ੍ਰੇਸਿੰਗ ਤੇ ਸੈਂਪਲਿੰਗ ਕੀਤੀ ਜਾਵੇਗੀ ਤਾਂ ਜੋ ਇੰਫੈਕਟਿਡ ਲੋਕਾਂ ਦੇ ਸੰਪਰਕ ਵਿਚ ਆਉਣ ਵਾਲੇ ਵਿਅਕਤੀਆਂ ਦਾ ਪਤਾ ਲਗਾਇਆ ਜਾ ਸਕੇ। ਸਿਹਤ ਵਿਭਾਗ ਦੀ ਟੀਮ ਨੇ ਇਲਾਕੇ ਵਿਚ ਘਰ ਘਰ ਜਾ ਕੇ ਮਰੀਜ਼ਾਂ ਨੂੰ ਲੱਭਿਆ। ਸਿਰਫ ਛਾਉਣੀ ਮੁਹੱਲੇ ਤੋਂ ਹੀ ਲਗਭਗ 100 ਸੈਂਪਲ ਲਏ ਗਏ ਹਨ। ਛਾਉਣੀ ਵਿਚ ਲਗਭਗ 4100 ਦੇ ਲਗਭਗ ਘਰ ਹਨ ਤੇ ਹਰ ਘਰ ਵਿਚ ਸਿਹਤ ਵਿਭਾਗ ਦੀ ਟੀਮ ਵਲੋਂ ਸੈਂਪਲ ਲੈ ਕੇ ਜਾਂਚ ਕੀਤੀ ਜਾਵੇਗੀ। ਇਸੇ ਤਰ੍ਹਾਂ ਸ਼ੁੱਕਰਵਾਰ ਨੂੰ ਸਿਹਤ ਵਿਭਾਗ ਦੀ ਟੀਮ ਨੇ 98 ਕੈਦੀਆਂ ਤੇ ਅੰਡਰ ਟ੍ਰਾਇਲ ਕੈਦੀਆਂ ਦੇ ਸੈਂਪਲ ਲਏ ਗਏ। 63 ਰੈਪਿਡ ਰਿਸਪਾਂਸਟੀਮਾਂ ਨੇ 319 ਲੋਕਾਂ ਦੀ ਸਕਰੀਨਿੰਗ ਕੀਤੀ। ਇਨ੍ਹਾਂ ਵਿਚੋਂ 237 ਨੂੰ ਕੁਆਰੰਟਾਈਨ ਕੀਤਾ ਗਿਆ ਤੇ ਸ਼ੁੱਕਰਵਾਰ ਨੂੰ 603 ਲੋਕਾਂ ਦੇ ਸੈਂਪਲ ਲਏ ਗਏ।
ਸਿਵਲ ਸਰਜਨ ਡਾ. ਰਾਜੇਸ ਬੱਗਾ ਨੇ ਦੱਸਿਆ ਕਿ ਫਰੰਟ ਲਾਈਨ ‘ਤੇ ਕੰਮ ਕਰ ਰਹੇ ਸਿਹਤ ਕਰਮਚਾਰੀਆਂ, ਪੁਲਿਸ ਤੇ ਸਫਾਈ ਕਰਮਚਾਰੀਆਂ ਤੋਂ ਇਲਾਵਾ ਗਰਭਵਤੀ ਔਰਤਾਂ ਦੇ ਸੈਂਪਲ ਵੀ ਲਏ ਜਾ ਰਹੇ ਹਨ। ਛਾਉਣੀ ਮੁਹੱਲਾ ਤੋਂ ਹੁਣ ਤਕ 15 ਲੋਕ ਪਾਜੀਟਿਵ ਆ ਗਏ ਹਨ। ਇਨ੍ਹਾਂ ਵਿਚੋਂ 7 ਮੈਂਬਰ ਇਕੋ ਹੀ ਪਰਿਵਾਰ ਤੋਂ ਹਨ।