China antibodies baby born: ਬੀਜਿੰਗ: ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਦਾ ਕਹਿਰ ਜਾਰੀ ਹੈ । ਇਸ ਮਹਾਂਮਾਰੀ ਦੌਰਾਨ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕੋਰੋਨਾ ਵਾਇਰਸ ਐਂਟੀਬੌਡੀਜ਼ ਨਾਲ ਇੱਕ ਬੱਚੇ ਦਾ ਜਨਮ ਹੋਇਆ ਹੈ । ਦਰਅਸਲ, ਇਹ ਮਾਮਲਾ ਚੀਨ ਦੇ ਸ਼ੇਨਝੇਨ ਦਾ ਹੈ । ਇਸ ਮਾਮਲੇ ਵਿੱਚ ਡਾਕਟਰਾਂ ਦਾ ਕਹਿਣਾ ਹੈ ਕਿ ਮਾਂ ਤੋਂ ਕੁਦਰਤੀ ਤਰੀਕੇ ਨਾਲ ਇਹ ਐਂਟੀਬੌਡੀਜ਼ ਬੱਚੇ ਨੂੰ ਮਿਲਿਆ ਹੈ । ਇਸ ਬਾਰੇ ਸ਼ੇਨਝੇਨ ਥਰਡ ਹਸਪਤਾਲ ਨੇ ਕਿਹਾ ਹੈ ਕਿ ਉਹ ਮਹਿਲਾ ਅਤੇ ਬੱਚੇ ਦੇ ਮਾਮਲੇ ਨੂੰ ਸਮਝਣ ਲਈ ਹੋਰ ਅਧਿਐਨ ਕਰਨਗੇ ।
ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਬੱਚੇ ਦੀ ਮਾਂ ਅਪ੍ਰੈਲ ਵਿੱਚ ਕੋਰੋਨਾ ਵਾਇਰਸ ਪਾਜ਼ੀਟਿਵ ਪਾਈ ਗਈ ਸੀ, ਪਰ ਉਸ ਵਿੱਚ ਇਸ ਵਾਇਰਸ ਦਾ ਕੋਈ ਲੱਛਣ ਨਹੀਂ ਦਿਖਾਈ ਦਿੱਤਾ ਸੀ । ਡਿਲੀਵਰੀ ਤੋਂ ਬਾਅਦ ਜਦੋਂ ਜਾਂਚ ਕੀਤੀ ਗਈ ਤਾਂ ਬੱਚਾ ਅਤੇ ਮਾਂ ਦੋਵੇਂ ਹੀ ਕੋਰੋਨਾ ਵਾਇਰਸ ਨੈਗੇਟਿਵ ਸਨ ।30 ਮਈ ਨੂੰ ਮਹਿਲਾ ਨੇ ਸ਼ੇਨਝੇਨ ਥਰਡ ਹਸਪਤਾਲ ਵਿੱਚ ਬੱਚੇ ਨੂੰ ਜਨਮ ਦਿੱਤਾ । ਮਹਿਲਾ ਮੂਲ ਰੂਪ ਨਾਲ ਹੁਬੇਈ ਦੀ ਰਹਿਣ ਵਾਲੀ ਹੈ । ਜ਼ਿਕਰਯੋਗ ਹੈ ਕਿ ਹੁਬੇਈ ਦੇ ਵੁਹਾਨ ਤੋਂ ਹੀ ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ਹੋਈ ਸੀ । ਡਾਕਟਰਾਂ ਦਾ ਕਹਿਣਾ ਹੈ ਕਿ ਬੱਚੇ ਵਿੱਚ ਕੁਦਰਤੀ ਤੌਰ ‘ਤੇ ਵਾਇਰਸ ਨਾਲ ਲੜਨ ਦੀ ਸਮਰੱਥਾ ਹੈ।
ਦੱਸ ਦੇਈਏ ਕਿ ਚੀਨੀ ਮੀਡੀਆ ਰਿਪੋਰਟਾਂ ਵਿੱਚ ਮਹਿਲਾ ਦਾ ਬਦਲਿਆ ਹੋਇਆ ਨਾਮ ਝਿਆਓ ਦੱਸਿਆ ਗਿਆ ਹੈ । ਅਪ੍ਰੈਲ ਦੀ ਸ਼ੁਰੂਆਤ ਵਿੱਚ ਕੋਰੋਨਾ ਵਾਇਰਸ ਪਾਜ਼ੀਟਿਵ ਆਉਣ ਦੇ ਬਾਅਦ ਕਰੀਬ 10 ਦਿਨਾਂ ਤੱਕ ਝਿਆਓ ਦਾ ਇਲਾਜ ਚੱਲਿਆ ਸੀ । ਦੱਸਿਆ ਜਾ ਰਿਹਾ ਹੈ ਕਿ ਝਿਆਓ ਸ਼ੇਨਝੇਨ ਵਿੱਚ ਹੀ ਰਹਿੰਦੀ ਹੈ ਅਤੇ ਕੰਮ ਕਰਦੀ ਹੈ । ਪਰ ਉਹ ਜਨਵਰੀ ਵਿੱਚ ਹੁਬੇਈ ਦੇ ਵੁਚਾਂਗ ਸ਼ਹਿਰ ਵਿੱਚ ਪਤੀ ਦੇ ਨਾਲ ਗਈ ਸੀ, ਜਿੱਥੇ ਉਨ੍ਹਾਂ ਦਾ ਪਰਿਵਾਰ ਰਹਿੰਦਾ ਹੈ । ਇਸੇ ਦੌਰਾਨ ਉਹ ਕੋਰੋਨਾ ਪੀੜਤ ਹੋ ਗਈ ਸੀ । ਝਿਆਓ ਦੀ ਮਾਂ ਵੀ ਫਰਵਰੀ ਵਿੱਚ ਪਾਜ਼ੀਟਿਵ ਪਾਈ ਗਈ ਸੀ ।