2 children reported : ਜਲੰਧਰ ਵਿਖੇ ਐਤਵਾਰ ਨੂੰ ਦੋ ਬੱਚਿਆਂ ਅਤੇ ਇਕ NRI ਸਮੇਤ ਕੋਰੋਨਾ ਦੇ ਕੁੱਲ 14 ਕੇਸ ਮਿਲੇ। ਇਸ ਦੇ ਨਾਲ ਹੀ ਜਿਲ੍ਹੇ ਵਿਚ ਕੋਰੋਨਾ ਦੇ ਕੁੱਲ ਕੇਸਾਂ ਦੀ ਗਿਣਤੀ 300 ਤਕ ਪੁੱਜ ਗਈ ਹੈ। ਇਨ੍ਹਾਂ ਵਿਚੋਂ 244 ਲੋਕ ਸਿਹਤਯਾਬ ਵੀ ਹੋ ਚੁੱਕੇ ਹਨ। ਫਿਲਹਾਲ ਜਲੰਧਰ ਵਿਚ ਕੋਰੋਨਾ ਦੇ ਐਕਟਿਵ ਕੇਸ 47 ਹਨ।
ਜਿਹੜੇ 12 ਮਰੀਜ਼ ਪਾਜੀਟਿਵ ਆਏ ਹਨ ਉਨ੍ਹਾਂ ਵਿਚੋਂ ਇਕ ਕੋਰੋਨਾ ਮੁਕਤ ਹੋ ਚੁੱਕੇ ਪਿੰਡ ਵੇਰਕਾ ਦਾ ਰਹਿਣ ਵਾਲਾ ਹੈ। ਇਹ ਨੌਜਵਾਨ ਪਿਛਲੇ ਦਿਨੀਂ ਹੀ ਕੁਵੈਤ ਤੋਂ ਵਾਪਸ ਪਰਤਿਆ ਹੈ। ਇਸੇ ਪਿੰਡ ਤੋਂ ਪਹਿਲਾਂ ਤਿੰਨ ਕੇਸ ਸਾਹਮਣੇ ਆਏ ਸਨ। ਇਸੇ ਤਰ੍ਹਾਂ ਰਾਜਾ ਗਾਰਡਨ ਵਿਚ 6 ਸਾਲ ਦਾ ਬੱਚਾ ਅਤੇ ਬੱਚੀ ਸਮੇਤ ਚਾਰ ਮਰੀਜ਼,3 ਮਰੀਜ਼ ਲੰਮਾ ਪਿੰਡ, 1-1 ਮਰੀਜ਼ ਭਾਰਗੋ ਕੈਂਪ ਤੇ ਪ੍ਰੀਤ ਨਗਰ ਲਾਡੋਵਾਲੀ ਰੋਡ ਤੋਂ ਹਨ। ਇਸੇ ਤਰ੍ਹਾਂ ਜਲੰਧਰ ਦੇ 2 ਮਰੀਜ਼ ਲੁਧਿਆਣਾ ਵਿਖੇ ਪਾਜੀਟਿਵ ਹਨ। ਇਨ੍ਹਾਂ ਵਿਚੋਂ ਇਕ ਦਿਲਬਾਗ ਨਗਰ ਦੀ ਰਹਿਣ ਵਾਲੀ 67 ਸਾਲ ਦੀ ਬਜ਼ੁਰਗ ਅਤੇ 29 ਸਾਲ ਦਾ ਨੌਜਵਾਨ ਰਾਏਪੁਰ ਫਰਾਲਾ ਦਾ ਹੈ।
ਸਿਹਤ ਵਿਭਾਗ ਦੇ ਨੋਡਲ ਅਫਸਰ ਡਾ. ਟੀ. ਪੀ. ਸਿੰਘ ਅਨੁਸਾਰ ਜਿਲ੍ਹੇ ਵਿਚ ਹੁਣ ਕੋਵਿਡ-19 ਮਰੀਜ਼ਾਂ ਦੀ ਗਿਣਤੀ 300 ਤਕ ਹੋ ਗਈ ਹੈ। ਵਿਭਾਗ ਵਲੋਂ 324 ਸੈਂਪਲ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿਚ ਭੇਜੇ ਗਏ ਹਨ। ਸਿਹਤ ਵਿਭਾਗ ਦੀ ਟੀਮ ਵਲੋਂ 5303 ਘਰਾਂ ਵਿਚ ਜਾ ਕੇ 25230 ਲੋਕਾਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਵਿਚੋਂ 8960 ਲੋਕਾਂ ਨੂੰ ਘਰਾਂ ਵਿਚ ਹੀ ਕੁਆਰੰਟਾਈਨ ਹੋਣ ਲਈ ਕਿਹਾ ਗਿਆ ਹੈ। ਸੂਬੇ ਭਰ ਵਿਚੋਂ 2130 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ ਤੇ ਇਸ ਖਤਰਨਾਕ ਵਾਇਰਸ ਨਾਲ 50 ਲੋਕਾਂ ਦੀ ਮੌਤ ਹੋ ਚੁੱਕੀ ਹੈ।