Jammu Kashmir Shopian encounter: ਜੰਮੂ: ਸੁਰੱਖਿਆ ਬਲਾਂ ਵੱਲੋਂ ਅੱਤਵਾਦੀਆਂ ‘ਤੇ ਹਮਲੇ ਜਾਰੀ ਹਨ । ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਮੁੱਠਭੇੜ ਸ਼ੁਰੂ ਹੋ ਗਈ ਹੈ । ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਬਲਾਂ ਨੂੰ ਪਿੰਜੋਰਾ ਵਿੱਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਜਾਣਕਾਰੀ ਮਿਲੀ ਸੀ । ਇਸ ਤੋਂ ਬਾਅਦ ਸੋਮਵਾਰ ਸਵੇਰੇ ਤਲਾਸ਼ੀ ਮੁਹਿੰਮ ਚਲਾਈ ਗਈ । ਇਸ ਦੌਰਾਨ ਚਾਰ ਅੱਤਵਾਦੀ ਮਾਰੇ ਗਏ ਹਨ ਤੇ ਐਨਕਾਉਂਟਰ ਅਜੇ ਵੀ ਜਾਰੀ ਹੈ ।
ਇਸਦੇ ਨਾਲ ਹੀ ਇਲਾਕੇ ਵਿੱਚ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ ਅਤੇ ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਦੀ ਹਦਾਇਤ ਕੀਤੀ ਗਈ ਹੈ । ਜ਼ਿਕਰਯੋਗ ਹੈ ਕਿ ਸੁਰੱਖਿਆ ਬਲਾਂ ਨੇ ਪਿਛਲੇ ਦੋ ਦਿਨਾਂ ਵਿੱਚ 9 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ । ਇਹ ਸਾਰੇ ਅੱਤਵਾਦੀ ਸ਼ੋਪੀਆਂ ਵਿੱਚ ਹੀ ਮਾਰੇ ਗਏ ਹਨ ।
ਇਸ ਤੋਂ ਪਹਿਲਾਂ ਐਤਵਾਰ ਨੂੰ ਸੁਰੱਖਿਆ ਬਲਾਂ ਨੇ ਸ਼ੋਪੀਆਂ ਵਿੱਚ ਹੀ ਪੰਜ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ । ਮਾਰੇ ਗਏ ਸਾਰੇ ਅੱਤਵਾਦੀ ਹਿਜ਼ਬੁਲ ਮੁਜਾਹਿਦੀਨ ਨਾਲ ਸਬੰਧਤ ਸਨ । ਇਨ੍ਹਾਂ ਵਿੱਚ ਹਿਜ਼ਬੁਲ ਦਾ ਚੋਟੀ ਦਾ ਕਮਾਂਡਰ ਫਾਰੂਕ ਅਹਿਮਦ ਭੱਟ ਉਰਫ ਨਾਲੀ ਵੀ ਸ਼ਾਮਿਲ ਸੀ । ਕੁਲਗਾਮ ਦਾ ਵਸਨੀਕ ਫਾਰੂਕ ਦੋ ਹਫਤੇ ਪਹਿਲਾਂ ਇੱਕ ਮੁਕਾਬਲੇ ਵਿੱਚ ਸੁਰੱਖਿਆ ਬਲਾਂ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਸੀ ।
ਦੱਸ ਦੇਈਏ ਕਿ ਹਿਜ਼ਬੁਲ ਕਮਾਂਡਰ ਫਾਰੂਕ ਅਹਿਮਦ ਭੱਟ ਤੋਂ ਇਲਾਵਾ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਮਾਰੇ ਗਏ ਅੱਤਵਾਦੀਆਂ ਦੀ ਪਛਾਣ ਸਕਲੈਨ ਅਹਿਮਦ ਵਗਰ ਅਤੇ ਸਫੈਤ ਅਮੀਨ ਨਾਇਕ ਵਜੋਂ ਹੋਈ ਹੈ । ਇਸ ਤੋਂ ਇਲਾਵਾ ਬਾਕੀ ਦੋ ਅੱਤਵਾਦੀਆਂ ਦੀ ਪਛਾਣ ਨਹੀਂ ਹੋ ਸਕੀ ਸੀ । ਅੱਤਵਾਦੀ ਫਾਰੂਕ ਅਹਿਮਦ ਭੱਟ ਪਿਛਲੇ ਸਾਲ ਹੋਏ ਜੰਮੂ ਬੱਸ ਗ੍ਰਨੇਡ ਹਮਲੇ ਦਾ ਮਾਸਟਰਮਾਈਂਡ ਵੀ ਸੀ ।