Bio CNG to be made from : ਪੰਜਾਬ ਤੇ ਹਰਿਆਣਾ ਵਿਚ ਪਰਾਲੀ ਸਾੜ੍ਹਣ ਨਾਲ ਹੋਣ ਵਾਲੇ ਪ੍ਰਦੂਸ਼ਣ ਦੀ ਸਮੱਸਿਆ ਦੇ ਹੱਲ ਲਈ ਲੁਧਿਆਣਾ ਵਿਚ ਛੇਤੀ ਹੀ ਪਰਾਲੀ ਨਾਲ ਬਾਇਓ ਸੀਐਨਜੀ ਬਣਾਉਣ ਦਾ ਪ੍ਰਾਜੈਕਟ ਸ਼ੁਰੂ ਕੀਤਾ ਜਾਵੇਗਾ। ਇਸ ਗੱਲ ਦਾ ਖੁਲਾਸਾ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਕਰਦਿਆਂ ਕਿਹਾ ਕਿ ਉਹ ਇਸ ਦਾ ਉਦਘਾਟਨ ਕਰਨ ਖੁਦ ਉਥੇ ਜਾਣਗੇ। ਉਨ੍ਹਾਂ ਦੱਸਿਆ ਕਿ ਅਜਿਹੇ ਹੀ ਪ੍ਰਾਜੈਕਟ ਨਾਗਪੁਰ ਵਿਚਵੀ ਲਗਾਏ ਗਏ ਹਨ ਜਿਨ੍ਹਾਂ ਨਾਲ ਬੱਸ ਅਤੇ ਟਰੱਕ ਚੱਲ ਰਹੇ ਹਨ।
ਗਡਕਰੀ ਨੇ ਸੋਮਵਾਰ ਨੂੰ ਇਕ ਗੱਲਬਾਤ ਰਾਹੀਂ ਕਿਹਾ ਕਿ ਦੇਸ਼ ਦਾ ਪ੍ਰਦੂਸ਼ਣ ਘੱਟ ਹੋਣਾ ਚਾਹੀਦਾ ਹੈ ਅਤੇ ਇਹੀ ਮੇਰਾ ਟੀਚਾ ਹੈ। ਪਰਾਲੀ ਨਾਲ ਬਾਇਓ ਸੀਐਨਜੀ ਬਣਾਉਣ ਨਾਲ ਪ੍ਰਦੂਸ਼ਣ ਘੱਟ ਹੋਵੇਗਾ ਅਤੇ ਕਿਸਾਨਾਂ ਨੂੰ ਫਾਇਦਾ ਵੀ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜ ਟਨ ਪਰਾਲੀ ਨਾਲ ਇਕ ਟਨ ਬਾਇਓ ਸੀਐਨਜੀ ਨਿਕਲਦੀ ਹੈ। ਇਸ ਦੇ ਨਾਲ ਹੀ ਚੌਲਾਂ ਨਾਲ ਇਥੇਨਾਲ ਤਿਆਰ ਹੁੰਦਾ ਹੈ ਤਾਂ ਉਸ ’ਤੇ ਵੀ ਕੰਮ ਕਰ ਸਕੇਦ ਹਾਂ। ਉਨ੍ਹਾਂ ਦੱਸਿਆ ਕਿ 500 ਡਿਸਟਲਰੀਆਂ ਲਗਾਈਆਂ ਜਾ ਰਹੀਆਂ ਹਨ ਜੋ ਹਰਿਆਣਾ ਤੇ ਪੰਜਾਬ ਲਈ ਬਿਹਤਰ ਪ੍ਰਾਜੈਕਟ ਹੋ ਸਕਦੇ ਹਨ।
ਇਸ ਤੋਂ ਇਲਾਵਾ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸ ਵੇ ਤਿਆਰ ਕਰਨ ਬਾਰੇ ਗਡਕਰੀ ਨੇ ਦੱਸਿਆ ਕਿ ਇਸ ’ਤੇ ਛੇਤੀ ਹੀ ਕੰਮ ਸ਼ੁਰੂ ਹੋ ਜਾਏਗਾ। ਇਸ ਦੇ ਲਈ ਜ਼ਮੀਨ ਐਕਵਾਇਰ ਕੀਤੀ ਜਾ ਚੁੱਕੀ ਹੈ ਅਤੇ ਲਗਭਗ 700 ਕਰੋੜ ਰੁਪਏ ਜਾਰੀ ਹੋ ਚੁੱਕੇ ਹਨ। ਇਸ ਐਕਸਪ੍ਰੈੱਸ ਵੇ ਦੇ ਬਣਨ ਨਾਲ ਦਿੱਲੀ ਤੋਂ ਅੰਮ੍ਰਿਤਸਰ ਤੇ ਕਟੜਾ ਜਾਣ ਵਿਚ ਕਈ ਘੰਟੇ ਬਚਣਗੇ। ਉਨ੍ਹਾਂ ਕਿਹਾ ਕਿ ਦੇਸ਼ ਦਾ ਕਾਫੀ ਰੁਝੇਵਿਆਂ ਵਾਲਾ ਨੈਸ਼ਨਲ ਹਾਈਵੇ-44 ਕਈ ਸੂਬਿਆਂ ਨੂੰ ਜੋੜਦਾ ਹੈ। ਇਸ ’ਤੇ ਰੋਜ਼ਾਨਾ ਲਗਭਗ 1.20 ਲੱਖ ਵਾਹਨ ਦੌੜਦੇ ਹਨ। ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸ ਵੇਅ ਤਿਆਰ ਹੋਣ ਨਾਲ ਦਾ ਭਾਰ ਵੀ ਘੱਟ ਹੋਵੇਗਾ। ਇਸ ਦੇ ਨਾਲ ਹੀ ਜਲੰਧਰ ਤੋਂ ਅਜਮੇਰ ਤੱਕ ਇੰਡਸਟ੍ਰੀਅਲ ਕਾਰੀਡੋਰ ਵੀ ਬਣੇਗਾ। ਇਸ ਨਾਲ ਪੰਜਾਬ ਤੋਂ ਮੁੰਬਈ ਜਾਣ ਵਾਲਾ ਟ੍ਰੈਫਿਕ ਸਿੱਧਾ ਜਾਏਗਾ ਅਤੇ ਦਿੱਲੀ ਜਾਣ ਦੀ ਲੋੜ ਨਹੀਂ ਹੋਵੇਗੀ।