Permission to distribute langar : ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਮੰਦਿਰਾਂ ਅਤੇ ਗੁਰੂਘਰਾਂ ਵਿਚ ਲੰਗਰ ਅਤੇ ਪ੍ਰਸਾਦ ਵੰਡਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਇਸ ਸਬੰਧੀ ਸੂਬਾ ਸਰਕਾਰ ਨੇ ਗ੍ਰਹਿ ਵਿਭਾਗ ਨੂੰ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਦੱਸ ਦਈਏ ਕਿ ਇਸ ਦੀ ਇਜਾਜ਼ਤ ਦੀ ਮੰਗ ਨੂੰ ਲੈ ਕੇ ਲਗਾਤਾਰ ਸਰਕਾਰ ਦਾ ਵਿਰੋਧ ਹੋ ਰਿਹਾ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਦਿਨ ਪਹਿਲਾਂ ਕਿਹਾ ਸੀ ਕਿ ਉਹ ਇਸ ਬਾਰੇ ਕੇਂਦਰ ਸਰਕਾਰ ਨਾਲ ਗੱਲ ਕਰਨਗੇ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਡੀਸ਼ਨਲ ਮੁੱਖ ਗ੍ਰਹਿ ਸਕੱਤਰ ਸਤੀਸ਼ ਚੰਦਰਾ ਨੂੰ ਕੇਂਦਰੀ ਹਿਦਾਇਤਾਂ ਮੁਤਾਬਕ ਲੰਗਰ ਅਤੇ ਪ੍ਰਸ਼ਾਦ ਵੰਡਣ ਦੀ ਇਜਾਜ਼ਤ ਦੇਣ ਦੇ ਬਦਲ ਦੇਖਣ ਲਈ ਕਿਹਾ ਸੀ। ਇਸ ਤੋਂ ਬਾਅਦ ਮੰਗਲਵਾਰ ਨੂੰ ਪੰਜਾਬ ਦੇ ਗ੍ਰਹਿ ਵਿਭਾਗ ਨੇ ਧਾਰਮਿਕ ਸਥਾਨਾਂ ’ਤੇ ਲੰਗਰ ਅਤੇ ਪ੍ਰਸ਼ਾਦ ਵੰਡਣ ਦੀ ਇਜਾਜ਼ਤ ਦੇ ਦਿੱਤੀ ਹੈ। ਦੱਸਣਯੋਗ ਹੈ ਕਿ ਧਾਰਮਿਕ ਥਾਵਾਂ ’ਤੇ ਪ੍ਰਸ਼ਾਦ ਅਤੇ ਲੰਗਰ ਵੰਡਣ ’ਤੇ ਕੇਂਦਰ ਸਰਕਾਰ ਵੱਲੋਂ ਪਾਬੰਦੀ ਲਗਾਉਣ ’ਤੇ ਕਈ ਆਗੂਆਂ ਵੱਲੋਂ ਸਵਾਲ ਉਠਾਏ ਜਾ ਰਹੇ ਸਨ। ਬੀਤੇ ਦਿਨ ਵੀ ਮੁੱਖ ਮੰਤਰੀ ਨੇ ਕਿਹਾ ਸੀ ਕਿ ਉਹ ਪ੍ਰਧਾਨ ਮੰਤਰੀ ਨੂੰ ਧਾਰਮਿਕ ਸਥਾਨਾਂ ’ਤੇ ਪ੍ਰਸ਼ਾਦ ਵੰਡਣ ਦੀ ਇਜਾਜ਼ਤ ਦੇਣ ਲਈ ਚਿੱਠੀ ਲਿਖਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਿਸੇ ਵੀ ਧਰਮ ਦੀਆਂ ਮਰਿਆਦਾਵਾਂ ਵਿਚ ਦਖਲਅੰਦਾਜ਼ੀ ਨਹੀਂ ਕਰਦੀ। ਜਿਹੜੀਆਂ ਹਿਦਾਇਤਾਂ ਕੇਂਦਰੀ ਗ੍ਰਹਿ ਮੰਤਰਾਲਾ ਵੱਲੋਂ ਜਾਰੀ ਕੀਤੀਆਂ ਗਈਆਂ ਹਨ ਉਸ ਮੁਤਾਬਕ ਹੀ ਨੋਟੀਫਿਕੇਸ਼ਨ ਕੀਤੀ ਹੈ। ਦੱਸ ਦੇਈਏ ਕਿ ਸ੍ਰੀ ਹਰਿਮੰਦਰ ਸਾਹਿਬ ਵਿਚ ਬੀਤੇ ਦਿਨ ਤੋਂ ਹੀ ਪ੍ਰਸਾਦ ਤੇ ਲੰਗਰ ਦੀ ਸੇਵਾ ਪਹਿਲਾਂ ਵਾਂਗ ਹੀ ਜਾਰੀ ਰਹੀ, ਜਿਸ ਵਿਚ ਕੋਵਿਡ-19 ਨਿਯਮਾਂ ਦਾ ਧਿਆਨ ਰਖਦੇ ਹੋਏ ਸ਼ਰਧਾਲੂਆਂ ਵਿਚਕਾਰ ਇਕ ਮੀਟਰ ਦੀ ਦੂਰੀ ਦਾ ਧਿਆਨ ਰਖਿਆ ਜਾ ਰਿਹਾ ਹੈ ਅਤੇ ਥਰਮਲ ਸਕ੍ਰੀਨਿੰਗ ਤੋਂ ਬਾਅਦ ਹੀ ਸ਼ਰਧਾਲੂਂ ਨੂੰ ਅੰਦਰ ਆਉਣ ਦਿੱਤਾ ਜਾ ਰਿਹਾ ਹੈ।