Corona Test starts today : ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਵਿਚ ਕੋਰੋਨਾ ਟੈਸਟ ਸ਼ੁਰੂ ਕਰਨ ਤੋਂ ਬਾਅਦ ਮਾਛੀਵਾੜਾ ਵਿਚ ਵੀ ਇਨ੍ਹਾਂ ਟੈਸਟਾਂ ਦੀ ਸ਼ੁਰੂਆਤ ਹੋ ਗਈ ਹੈ। ਹੁਣ ਇਥੇ ਦੇ ਸਰਕਾਰੀ ਹਸਪਤਾਲ ਵਿਚ ਕੋਰੋਨਾ ਟੈਸਟ ਕੀਤੇ ਜਾਣਗੇ, ਜਿਸ ਅਧੀਨ ਅੱਜ ਪਹਿਲੇ ਦਿਨ 44 ਵਿਅਕਤੀਆਂ ਦੇ ਜਾਂਚ ਲਈ ਸੈਂਪਲ ਲਏ ਗਏ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਐਸਐਮਓ ਡਾ. ਜਸਪ੍ਰੀਤ ਕੌਰ ਨੇ ਦੱਸਿਆ ਕਿ ਇਸ ਹਸਪਤਾਲ ਵਿਚ ਰੋਜ਼ਾਨਾ 50 ਵਿਅਕਤੀਆਂ ਦੇ ਟੈਸਟ ਕੀਤੇ ਜਾ ਸਕਮਗੇ, ਜਿਸ ਅਧੀਨ ਕੋਈ ਵੀ ਸ਼ੱਕੀ ਜਾਂ ਬਾਹਰਲੇ ਸੂਬੇ ਤੋਂ ਆਏ ਵਿਅਕਤੀ ਦੇ ਮਾਛੀਵਾੜਾ ਸਰਕਾਰੀ ਹਸਪਤਾਲ ਵਿਚ ਹੀ ਟੈਸਟ ਕਰਵਾ ਸਕੇਗਾ।
ਉਨ੍ਹਾਂ ਦੱਸਿਆ ਕਿ ਕੋਰੋਨਾ ਟੈਸਟ ਕਰਵਾਉਣ ਦੇ ਚਾਹਵਾਨ ਵਿਅਕਤੀ ਨੂੰ ਪਹਿਲਾਂ ਹਸਪਤਾਲ ਆ ਕੇ ਰਜਿਸਟ੍ਰੇਸ਼ਨ ਕਰਵਾਉਣੀ ਪਏਗੀ, ਜਿਸ ਤੋਂ ਬਾਅਦ ਉਸ ਦਾ ਤੈਅ ਤਰੀਕ ’ਤੇ ਸੈਂਪਲ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਅੱਜ 10 ਪੁਲਿਸ ਮੁਲਾਜ਼ਮਾਂ ਤੇ ਸਰਕਾਰੀ ਅਧਿਕਾਰੀਆਂ ਤੋਂ ਇਲਾਵਾ ਬਾਹਰਲੇ ਸੂਬਿਆਂ ਤੋਂ ਆਏ 44 ਵਿਅਕਤੀਆਂ ਦੇ ਕੋਰੋਨਾ ਟੈਸਟ ਲਏ ਗਏ ਹਨ, ਜਿਨ੍ਹਾਂ ਦੀ ਰਿਪੋਰਟ ਸ਼ਾਮ ਤੱਕ ਆ ਜਾਵੇਗੀ।
ਦੱਸਣਯੋਗ ਹੈ ਕਿ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਆਪਣੇ ਸੂਬਿਆਂ ਨੂੰ ਪਰਤੇ ਕਾਫੀ ਮਜ਼ਦੂਰ ਹੁਣ ਮੁੜ ਪੰਜਾਬ ’ਚ ਵਾਪਿਸ ਆਉਣ ਲੱਗੇ ਹਨ, ਜਿਨ੍ਹਾਂ ਦੀ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਗਈਆਂ ਹਿਦਾਇਤਾਂ ਅਧੀਨ ਮੈਡੀਕਲ ਜਾਂਚ ਹੋ ਰਹੀ ਹੈ ਅਤੇ ਜੇਕਰ ਕਿਸੇ ਵਿਚ ਕੋਰੋਨਾ ਦੇ ਸ਼ੱਕੀ ਲੱਛਣ ਪਾਏ ਜਾਂਦੇ ਹਨ ਤਾਂ ਉਨ੍ਹਾਂ ਦੇ ਟੈਸਟ ਵੀ ਕੀਤੇ ਜਾਣਗੇ। ਡਾ. ਜਸਪ੍ਰੀਤ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਅਜਿਹੇ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਮਜ਼ਦੂਰਾਂ ਬਾਰੇ ਪੁਲਿਸ ਤੇ ਸਿਹਤ ਮਹਿਕਮੇ ਨੂੰ ਸੂਚਿਤ ਕੀਤਾ ਜਾਵੇ, ਜਿਸ ਤੋਂ ਬਾਅਦ ਉਨ੍ਹਾਂ ਦੀ ਮੈਡੀਕਲ ਜਾਂਚ ਹੋਣ ਉਪਰੰਤ ਹੀ ਕਿਸਾਨ ਉਨ੍ਹਾਂ ਤੋਂ ਆਪਣੇ ਖੇਤਾਂ ਵਿਚ ਕੰਮ ਕਰਵਾਉਣ।