Vigilance arrested Patwari for : ਪੰਜਾਬ ਵਿਜੀਲੈਂਸ ਬਿਊਰੋ ਦੀ ਟੀਮ ਨੇ ਲੁਧਿਆਣਾ ਵਿਖੇ ਇਕ ਪਟਵਾਰੀ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਹੈ। ਪਟਵਾਰੀ ਨੇ ਇਕ ਸਥਾਨਕ ਨੌਜਵਾਨ ਕੋਲੋਂ ਸਰਕਾਰੀ ਰਿਕਾਰਡ ਮੁਹੱਈਆ ਕਰਵਾਉਣ ਦੇ ਬਦਲੇ 7500 ਰੁਪਏ ਦੀ ਰਿਸ਼ਵਤ ਮੰਗੀ ਸੀ, ਜਿਸ ਨੂੰ ਮੌਕੇ ਤੋਂ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਨੂਰਾਂਵਾਲ ਰੋਡ ਦੇ ਬਸੰਤ ਵਿਹਾਰ ਇਲਾਕੇ ਦੇ ਰਾਕੇਸ਼ ਕੁਮਾਰ ਨੇ ਪਾਲਮ ਵਿਹਾਰ ਇਲਾਕੇ ’ਚ ਆਪਣੀ ਪਤਨੂ ਦੇ ਨਾਂ ’ਤੇ 31 ਗਜ਼ ਜ਼ਮੀਨ ਦਾ ਇਕ ਟੁੱਕੜਾ ਲਿਆ ਸੀ।
ਜਗ੍ਹਾ ਦਾ ਇੰਤਕਾਲ ਆਪਣੀ ਪਤਨੀ ਦੇ ਨਾਂ ’ਤੇ ਕਰਵਾਉਣ ਲਈ ਉਸ ਨੂੰ ਇਸ ਜਗ੍ਹਾ ਦਾ ਪਿਛਲਾ 30 ਸਾਲਾਂ ਦਾ ਰਿਕਾਰਡ ਚਾਹੀਦਾ ਸੀ, ਜਿਸ ਲਈ ਸ਼ਿਕਾਇਤਕਰਤਾ ਨੇ ਪਟਵਾਰੀ ਪਲਵਿੰਦਰ ਸਿੰਘ ਨਾਲ ਸੰਪਰਕ ਕੀਤਾ। ਪਟਵਾਰੀ ਨੇ ਰਿਕਾਰਡ ਮੁਹੱਈਆ ਕਰਵਾਉਣ ਲਈ ਰਾਕੇਸ਼ ਨੂੰ ਉਸ ਦੇ ਕਰਿੰਦੇ ਅਨਿਲ ਭਾਟੀਆ ਨੂੰ ਮਿਲਣ ਲਈ ਕਿਹਾ। ਰਿਕਾਰਡ ਮੁਹੱਈਆ ਕਰਵਾਉਣ ਦੇ ਬਦਲੇ ਅਨਿਲ ਨੇ 8500 ਰੁਪਏ ਦੀ ਰਿਸ਼ਵਤ ਮੰਗੀ। ਬਾਅਦ ਵਿਚ 7500 ਰੁਪਏ ਵਿਚ ਸੌਦਾ ਤੈਅ ਹੋਇਆ ਸੀ, ਜਿਸ ਦੀ ਰਾਕੇਸ਼ ਕੁਮਾਰ ਨੇ ਵਿਜੀਲੈਂਸ ਵਿਚ ਸ਼ਿਕਾਇਤ ਕੀਤੀ ਸੀ।
ਇਸ ਬਾਰੇ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਅਧਿਕਾਰੀ ਅਮਰਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਕੋਹਾੜਾ ’ਚ ਤਾਇਨਾਤ ਪਟਵਾਰੀ ਪਲਵਿੰਦਰ ਸਿੰਘ ਖਿਲਾਫ ਰਿਸ਼ਵਤ ਮੰਗਣ ਦੀ ਸ਼ਿਕਾਇਤ ਆਈ ਸੀ, ਜੋਕਿ ਸਹੀ ਪਾਈ ਗਈ ਹੈ। ਉਨ੍ਹਾਂ ਕਿਹਾ ਕਿ ਮਹਿਕਮੇ ਨੇ ਪਟਵਾਰੀ ਨੂੰ ਰੰਗੇ ਹੱਥੀਂ ਫੜਿਆ ਹੈ ਅਤੇ ਰਿਸ਼ਵਤ ਦੀ ਰਕਮ ਜ਼ਬਤ ਕਰ ਲਈ ਗਈ ਹੈ। ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਸ਼ੀ ਸੱਜੂਮਾਜਰਾ ਪਿੰਡ ਦਾ ਰਹਿਣ ਵਾਲਾ ਹੈ। ਇਸ ਦੇ ਘਰ ਦੀ ਤਲਾਸ਼ੀ ਲੈਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਪੂਰੀ ਤਫਤੀਸ਼ ਕਰਨ ਤੋਂ ਬਾਅਦ ਇਸ ’ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।