New Corona Cases of : ਪੰਜਾਬ ਵਿਚ ਕੋਰੋਨਾ ਦੇ ਮਾਮਲੇ ਘਟਣ ਦਾ ਨਾਂ ਨਹੀਂ ਲੈ ਰਹੇ ਹਨ। ਰੋਜ਼ਾਨਾ ਇਸ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਤਾਜ਼ਾ ਮਾਮਲਿਆਂ ਵਿਚ ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਤੋਂ ਇਕ-ਇਕ ਤੇ ਚੰਡੀਗੜ੍ਹ ਤੋਂ ਇਸ ਦੇ ਚਾਰ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਅੱਜ ਸ੍ਰੀ ਮੁਕਤਸਰ ਸਾਹਿਬ ਜ਼ਿਲੇ ’ਚ ਇਕ 20 ਸਾਲਾ ਮੁਟਿਆਰ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਹ ਲੜਕੀ ਮਲੋਟ ਦੀ ਰਹਿਣ ਵਾਲੀ ਹੈ ਅਤੇ ਦਿੱਲੀ ਤੋਂ ਪੰਜਾਬ ਵਾਪਿਸ ਪਰਤੀ ਸੀ। ਇਸ ਦੇ ਨਾਲ ਹੀ ਜ਼ਿਲੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 72 ਹੋ ਗਈ ਹੈ ਪਰ ਰਾਹਤ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਵਿਚੋਂ 67 ਲੋਕ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ, ਜਦਕਿ ਕੁਲ ਐਕਟਿਵ ਮਾਮਲੇ ਪੰਜ ਹੀ ਹਨ, ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
ਉਥੇ ਹੀ ਬਠਿੰਡਾ ਜ਼ਿਲੇ ’ਚ ਵੀ ਕੋਰੋਨਾ ਦਾ ਇਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ 27 ਸਾਲਾ ਨੌਜਵਾਨ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਇਹ ਨੌਜਵਾਨਵੀ ਦਿੱਲੀ ਤੋਂ ਹੀ ਵਾਪਿਸ ਆਇਆ ਸੀ ਅਤੇ ਤਲਵੰਡੀ ਸਾਬੋ ਉਪ ਮੰਡਲ ਵਿਚ ਆਪਣੇ ਘਰ ’ਚ ਕੁਆਰੰਟਾਈਨ ਕੀਤਾ ਗਿਆ ਸੀ। ਇਸ ਦੇ ਨਾਲ ਹੀ ਬਠਿੰਡਾ ਜ਼ਿਲੇ ’ਚ ਕੋਰੋਨਾ ਦੇ 55 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ ਹੁਣ 5 ਮਾਮਲੇ ਐਕਟਿਵ ਹਨ। ਉਧਰ ਚੰਡੀਗੜ੍ਹ ਵਿਚ ਵੀ ਕੋਰੋਨਾ ਦੇ ਚਾਰ ਮਾਮਲੇ ਮਿਲੇ ਹਨ। ਇਹ ਸਾਰੇ ਮਰੀਜ਼ ਸੈਕਟਰ-16 ਤੋਂ ਪਹਿਲਾਂ ਹੀ ਪਾਜ਼ੀਟਿਵ ਆਏ ਮਰੀਜ਼ ਦੇ ਸੰਪਰਕ ਵਾਲੇ ਹਨ। ਇਨ੍ਹਾਂ ਨਵੇਂ ਚਾਰ ਮਾਮਲਿਆਂ ਦੇ ਸਾਹਮਣੇ ਆਉਣ ਨਾਲ ਸ਼ਹਿਰ ਵਿਚ ਹੁਣ ਕੁਲ ਕੋਰੋਨਾ ਪੀੜਤਾਂ ਦੀ ਗਿਣਤੀ 332 ਹੋ ਗਈ ਹੈ, ਜਦਕਿ ਐਕਟਿਵ ਮਾਮਲੇ 38 ਹੋ ਗਏ ਹਨ।
ਜ਼ਿਕਰੋਯਗ ਹੈ ਕਿ ਬੀਤੇ ਦਿਨ ਵੀ ਚੰਡੀਗੜ੍ਹ ਤੋਂ ਚਾਰ ਮਾਮਲੇ ਹੀ ਸਾਹਮਣੇ ਆਏ ਸਨ। ਉਥੇ ਹੀ ਚਾਰ ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ, ਜਿਨ੍ਹਾਂ ਨੂੰ ਹੁਣ ਸੂਦ ਧਰਮਸ਼ਾਲਾ ਵਿਚ ਕੁਆਰੰਟਾਈਨ ਕੀਤਾ ਗਿਆ ਹੈ। ਇਨ੍ਹਾਂ ਸਾਰੇ ਮਰੀਜ਼ਾਂ ਦਾ ਸੈਕਟਰ-46 ਸਥਿਤ ਸ਼੍ਰੀ ਧਨਵੰਤਰੀ ਆਯੁਰਵੈਦਿਕ ਕਾਲਜ ਐਂਡ ਹਾਸਪੀਟਲ ਵਿਚ ਇਲਾਜ ਚੱਲ ਰਿਹਾ ਸੀ। ਸੈਕਟਰ-26 ਬਾਪੂਧਾਮ ਨਿਵਾਸੀ 20 ਸਾਲਾ, 42 ਸਾਲਾ ਅਤੇ 28 ਸਾਲਾ ਔਰਤਾਂ ਨੇ ਕੋਰੋਨਾ ਤੋਂ ਜੰਗ ਫਤਿਹ ਕੀਤੀ ਹੈ। ਉਥੇ ਹੀ ਖੁੱਡਾ ਅਲੀਸ਼ੇਰ ਦਾ 40 ਸਾਲਾ ਵਿਅਕਤੀ ਵੀ ਠੀਕ ਹੋ ਕੇ ਸੂਦ ਧਰਮਸ਼ਾਲਾ ਪਹੁੰਚਿਆ। ਅਗਲੇ ਕੁਝ ਦਿਨ ਇਨ੍ਹਾਂ ਨੂੰ ਇਥੇ ਰਖਣ ਤੋਂ ਬਾਅਦ ਇਨ੍ਹਾਂ ਦੇ ਘਰਾਂ ਨੂੰ ਵਾਪਿਸ ਭੇਜ ਦਿੱਤਾ ਜਾਵੇਗਾ।