Orders to call staff : ਚੰਡੀਗੜ੍ਹ: ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲੱਗੇ ਲੌਕਡਾਊਨ ਕਾਰਨ ਵਿਦਿਆਰਥੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਸਕੂਲਾਂ ਨੂੰ ਵੀ ਬੰਦ ਰਖਿਆ ਗਿਆ ਹੈ। ਪਰ ਹੁਣ ਲੌਕਡਾਊਨ ’ਚ ਹਰ ਖੇਤਰ ਵਿਚ ਢਿੱਲ ਮਿਲ ਰਹੀ ਹੈ ਜਿਸ ਦੇ ਚੱਲਦਿਆਂ ਸਕੂਲਾਂ ਨੂੰ ਵੀ ਖੋਲ੍ਹਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਸਬੰਧੀ ਚੰਡੀਗੜ੍ਹ ਦੇ ਸਿੱਖਿਆ ਵਿਭਾਗ ਨੇ ਹੁਕਮ ਜਾਰੀ ਕੀਤੇ ਹਨ ਜਿਸ ਦੇ ਚੱਲਦਿਆਂ ਸਰਕਾਰੀ ਤੇ ਏਡਿਡ ਸਕੂਲਾਂ ਦੇ ਅਧਿਆਪਕਾਂ ਨੂੰ ਸਕੂਲ ਆਉਣ ਲਈ ਕਿਹਾ ਗਿਆ ਹੈ।
ਅਧਿਆਪਕਾਂ ਨੂੰ ਸਕੂਲ ਬੁਲਾਉਣ ਸਬੰਧੀ ਵਿਭਾਗ ਵੱਲੋਂ ਕੁਝ ਹਿਦਾਇਤਾਂ ਦਿੱਤੀਆਂ ਗਈਆਂ ਹਨ, ਜਿਸ ਵਿਚ ਕਿਸੇ ਵੀ ਸਕੂਲ ‘ਚ ਲੋੜ ਪੈਣ ’ਤੇ ਕੁੱਲ ਗਿਣਤੀ ਦਾ 25 ਫੀਸਦੀ ਤਕ ਹੀ ਸਟਾਫ ਬੁਲਾਇਆ ਜਾਵੇ। ਸਿੱਖਿਆ ਵਿਭਾਗ ਵੱਲੋਂ ਸਕੂਲ ਦੇ ਪ੍ਰਸ਼ਾਸਕੀ ਕੰਮ ਤੇ ਬੋਰਡ ਪ੍ਰੀਖਿਆਵਾਂ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਇਹ ਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ 15 ਜੂਨ ਤੋਂ ਅਮਲ ‘ਚ ਆਉਣਗੇ। ਉਨ੍ਹਾਂ ਹਦਾਇਤਾਂ ਦਿੱਤੀਆਂ ਕਿ ਸਕੂਲ ਦੇ ਅਧਿਆਪਕਾਂ ਨੂੰ ਸ਼ਿਫਟਾਂ ‘ਚ ਸਕੂਲ ਸੱਦਿਆ ਜਾਵੇ, ਹਰ ਸ਼ਿਫਟ ਹਫਤੇ ਹਫਤੇ ਬਾਅਦ ਬਦਲੀ ਜਾਵੇ। ਉਨ੍ਹਾਂ ਕਿਹਾ ਕਿ ਕੰਟੇਨਮੈਂਟ ਜ਼ੋਨ ‘ਚ ਆਉਂਦੇ ਅਧਿਆਪਕ, ਵੱਡੀ ਉਮਰ ਦੇ, ਸਿਹਤ ਸਮੱਸਿਆਵਾਂ ਵਾਲੇ ਤੇ ਗਰਭਵਤੀ ਅਧਿਆਪਕਾਂ ਨੂੰ ਸਕੂਲ ਨਾ ਬੁਲਾਇਆ ਜਾਵੇ।
ਜ਼ਿਲ੍ਹਾ ਸਿੱਖਿਆ ਅਫਸਰ ਅਲਕਾ ਮਹਿਤਾ ਦਾ ਕਹਿਣਾ ਹੈ ਕਿ ਕੋਰੋਨਾ ਕਾਰਨ ਬੰਦ ਸਕੂਲਾਂ ‘ਚ ਨਵੇਂ ਵਿਦਿਆਰਥੀਆਂ ਦੇ ਦਾਖਲੇ ਪ੍ਰਭਾਵਿਤ ਹੋ ਰਹੇ ਹਨ। ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਆਨਲਾਈਨ ਸਿੱਖਿਆ ਦੇਣ ਲਈ ਜ਼ਿਆਦਾਤਰ ਸਮੱਗਰੀ ਸਕੂਲਾਂ ‘ਚ ਮੌਜੂਦ ਹੈ ਜਿਸ ਕਰ ਕੇ ਸਕੂਲ ਮੁਖੀ ਤੇ ਇੰਚਾਰਜ ਆਪਣੇ ਅਧਿਆਪਕਾਂ ਨੂੰ ਲੋੜ ਪੈਣ ’ਤੇ ਸਕੂਲ ਬੁਲਾ ਸਕਦੇ ਹਨ ਪਰ ਇਕ ਸਮੇਂ ’ਤੇ 25 ਫੀਸਦੀ ਤੋਂ ਵੱਧ ਅਧਿਆਪਕ ਨਾ ਸੱਦੇ ਜਾਣ।