Punjab Govt orders payment of : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਹਿਕਾਰੀ ਚੀਨੀ ਮਿੱਲਾਂ ਦੁਆਰਾ ਗੰਨਾ ਉਤਪਾਦਕਾਂ ਨੂੰ ਅਦਾ ਕੀਤੇ ਜਾਣ ਵਾਲੇ 299 ਕਰੋੜ ਰੁਪਏ ਦੇ ਪੂਰੇ ਬਕਾਏ ਦਾ ਭੁਗਤਾਨ ਕਰਨ ਲਈ ਸ਼ੂਗਰਫੈੱਡ ਨੂੰ 149 ਕਰੋੜ ਦੀ ਬਾਕੀ ਰਕਮ ਦੀ ਅਦਾਇਗੀ ਕਰਨ ਦਾ ਹੁਕਮ ਦਿੱਤਾ ਹੈ। ਇਸ ਦੌਰਾਨ ਮੁੱਖ ਮੰਤਰੀ ਦੀਆਂ ਹਿਦਾਇਤਾਂ ’ਤੇ ਵਿੱਤ ਵਿਭਾਗ ਨੇ ਸਹਿਕਾਰੀ ਚੀਨੀ ਮਿੱਲਾਂ ਦੇ ਕਿਸਾਨਾਂ ਨੂੰ ਬਕਾਇਆ ਰਕਮ ਦਾ ਭੁਗਤਾਨ ਕਰਨ ਲਈ 150 ਕਰੋੜ ਰੁਪਏ ਦੀ ਮਨਜ਼ੂਰੀ ਦੇ ਦਿੱਤੀ ਹੈ, ਜਦਕਿ 149 ਕਰੋੜ ਦੀ ਬਾਕੀ ਰਕਮ ਸ਼ੂਗਰਫੈੱਡ ਦੁਆਰਾ ਆਪਣੇ ਸਾਧਨਾਂ ਰਾਹੀਂ ਅਦਾ ਕੀਤੀ ਜਾਏਗੀ। ਮੁੱਖ ਮੰਤਰੀ ਦਫਤਰ ਦੇ ਬੁਲਾਰੇ ਨੇ ਦੱਸਿਆ ਕਿ ਕੈਪਟਨ ਨੇ ਸਹਿਕਾਰਿਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਵਿੱਤੀ ਤੌਰ ’ਤੇ ਯੋਗ ਤਕਨੀਕ ਬਣਾਉਣ ਲਈ ਕਿਹਾ ਹੈ, ਤਾਂਕਿ ਭਵਿੱਖ ਵਿਚ ਅਜਿਹੀ ਸਥਿਤੀ ਪੈਦਾ ਨਾ ਹੋ ਸਕੇ ਅਤੇ ਗੰਨਾ ਉਤਪਾਦਕਾਂ ਨੂੰ ਸਮੇਂ ’ਤੇ ਅਤੇ ਲਗਾਤਾਰ ਅਦਾਇਗੀ ਯਕੀਨੀ ਬਣਾਈ ਸਕੇ।
ਦੱਸਣਯੋਗ ਹੈ ਕਿ ਸੂਬੇ ਵਿਚ ਚਾਰ ਨਿੱਜੀ ਚੀਨੀ ਮਿੱਲਾਂ ’ਤੇ ਗੰਨੇ ਦੇ ਬਕਾਏ ਵਜੋਂ 1253 ਕਰੋੜ ਦੀ ਰਕਮ ਹੈ, ਜਿਸ ਵਿਚੋਂ 876 ਕਰੋੜ ਦਾ ਭੁਗਤਾਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ ਤੇ 377 ਕਰੋੜ ਰੁਪਏ ਅਜੇ ਮਿੱਲਾਂ ਵੱਲ ਬਕਾਇਆ ਹੈ। ਦੂਜੇ ਪਾਸੇ ਸਹਿਕਾਰੀ ਚੀਨੀ ਮਿੱਲਾਂ ਦੀ 486 ਕਰੋੜ ਦੀ ਰਕਮ ਵਿਚੋਂ 229 ਕਰੋੜ ਸ਼ੂਗਰਫੈੱਡ ਰਾਹੀਂ ਅਦਾ ਕੀਤੇ ਜਾ ਚੁੱਕੇ ਹਨ, ਜਦਕਿ ਸਾਲ 2019-20 ਅਤੇ ਸਾਲ 2018-19 ਲਈ ਲੜੀਵਾਰ 257 ਕਰੋੜ ਅਤੇ 42 ਕਰੋੜ ਬਕਾਇਆ ਹਨ।
ਇਥੇ ਦੱਸ ਦੇਈਏ ਕਿ ਸਿਆਸੀ ਪਾਰਟੀਆਂ ਨੇ ਦੋ ਸਾਲਾਂ ਤੋਂ ਗੰਨਾ ਕਿਸਾਨਾਂ ਦੇ ਹਿੱਸੇ ਦਾ ਪੈਸਾ ਨਿੱਜੀ ਅਤੇ ਸਹਿਕਾਰੀ ਚੀਨੀ ਮਿੱਲਾਂ ਵੱਲੋਂ ਅਦਾ ਨਾ ਕੀਤੇ ਜਾਣ ਦੇ ਮੁੱਦੇ ਨੂੰ ਤੂਲ ਦੇਣਾ ਸ਼ੁਰੂ ਕਰ ਦਿੱਤਾ ਸੀ। ਅਕਾਲੀ ਦਲ ਅਤੇ ’ਆਪ’ ਤੋਂ ਇਲਾਵਾ ਕਾਂਗਰਸ ਦੇ ਕਈ ਨੇਤਾ ਵੀ ਕਿਸਾਨਾਂ ਦੇ ਪੱਖ ਵਿਚ ਉਤਰ ਆਏ ਸਨ, ਜਿਨ੍ਹਾਂ ਵਿਚੋਂ ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਅਤੇ ਤਿੰਨ ਕਾਂਗਰਸੀ ਵਿਧਾਇਕਾਂ ਨੇ ਮੁੱਖ ਮੰਤਰੀ ਨੂੰ ਪੱਤਰ ਲਿਖਕੇ ਬਕਾਇਆ ਅਦਾ ਕਰਨ ਦੀ ਮੰਗ ਕੀਤੀ ਸੀ। ਅਖੀਰ ਸਰਕਾਰ ਨੇ ਬੀਤੇ ਸੋਮਵਾਰ ਨੂੰ 20 ਲੱਖ ਰੁਪਏ ਜਾਰੀ ਕਰਨ ਦੇ ਨਾਲ ਹੀ ਅਗਲੇ ਦੋ ਦਿਨਾਂ ਵਿਚ ਹੋਰ 30 ਲੱਖ ਰੁਪਏ ਜਾਰੀ ਕਰਨ ਦਾ ਵਾਅਦਾ ਕੀਤਾ ਸੀ। ਹਾਲਾਂਕਿ ਉਸ ਦੇ ਉਲਟ ਸਰਕਾਰ ਨੇ ਵੀਰਵਾਰ ਨੂੰ 150 ਕਰੋੜ ਰੁਪਏ ਜਾਰੀ ਕਰਦੇ ਹੋਏ ਸਹਿਕਾਰੀ ਚੀਨੀ ਮਿੱਲਾਂ ਦਾ ਪੂਰਾ ਬਕਾਇਆ ਚੁਕਾਉਣ ਦਾ ਫੈਸਲਾ ਲੈ ਲਿਆ।