Sukhbir Badal appeals to External Affairs : ਚੰਡੀਗੜ੍ਹ : ਦੁਬਈ ਵਿਚ ਫਸੇ 20 ਹਜ਼ਾਰ ਪੰਜਾਬੀ ਕਾਮਿਆਂ ਦਾ ਮੁੱਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਅੱਗੇ ਚੁੱਕ ਕੇ ਉਨ੍ਹਾਂ ਨੂੰ ਦੁਬਈ ਵਿਚ ਭਾਰਤੀ ਦੂਤਾਵਾਸ ਨਾਲ ਸੰਪਰਕ ਕਰਨ ਲਈ ਕਿਹਾ ਹੈ ਤਾਂਜੋ ਇਨ੍ਹਾਂ ਕਾਮਿਆਂ ਨੂੰ ਦੇਸ਼ ਵਾਪਿਸ ਲਿਆਇਆ ਜਾ ਸਕੇ। ਇਨ੍ਹਾਂ ਕਾਮਿਆਂ ਨੂੰ ਨੱਜੀ ਕੰਪਨੀਆਂ ਨੇ ਨੌਕਰੀ ਤੋਂ ਵੀ ਕੱਢ ਦਿੱਤਾ ਤੇ ਜਮ੍ਹਾ ਕਰਵਾਏ ਹੋਏ ਪਾਸਪੋਰਟ ਵੀ ਉਨ੍ਹਾਂ ਨੂੰ ਵਾਪਿਸ ਨਹੀਂ ਦੇ ਰਹੀਆਂ, ਜਿਸ ਕਾਰਨ ਨਾ ਤਾਂ ਉਹ ਉਥੇ ਰਹਿਣ ਦੀ ਸਥਿਤੀ ਵਿਚ ਹਨ ਅਤੇ ਨਾ ਹੀ ਉਹ ਵਾਪਿਸ ਆ ਪਾ ਰਹੇ ਹਨ।
ਸੁਖਬੀਰ ਬਾਦਲ ਨੇ ਵਿਦੇਸ਼ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ ਇਸ ਮੁੱਦੇ ਨੂੰ ਅਮੀਰਾਤ ਦੇ ਅਧਿਕਾਰੀਆਂ ਸਾਹਮਣੇ ਚੱਕਣ ਤਾਂਕਿ ਇਨ੍ਹਾਂ ਕਾਮਿਆਂ ਨੂੰ ਵਾਪਿਸ ਉਨ੍ਹਾਂ ਦੇ ਪਾਸਪੋਰਟ ਵਾਪਿਸ ਮਿਲ ਸਕਣ। ਉਨ੍ਹਾਂ ਕਿਹਾ ਕਿ ਵਧੇਰੇ ਕਾਮਿਆਂ ਨੇ ਭਾਰਤ ਵਾਪਿਸ ਆਉਣ ਲਈ ਆਨਲਾਈਨ ਅਪਲਾਈ ਕੀਤਾ ਸੀ ਪਰ ਪਾਸਪੋਰਟ ਨਾ ਹੋਣ ਕਾਰਨ ਉਹ ਵਾਪਿਸ ਨਹੀਂ ਪਰਤ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਈ ਨੌਜਵਾਨਾਂ ਤੋਂ ਸੰਦੇਸ਼ ਮਿਲਿਆ ਸੀ ਕਿ ਉਹ ਆਪਣੇ ਹਵਾਈ ਟਿਕਟਾਂ ਦਾ ਭੁਗਤਾਨ ਕਰਨ ਲਈ ਵੀ ਤਿਆਰ ਹਨ, ਪਰ ਕੰਪਨੀਆਂ ਉਨ੍ਹਾਂ ਦੇ ਪਾਸਪੋਰਟ ਵਾਪਿਸ ਨਹੀਂ ਕਰ ਰਹੀਆਂ ਹਨ। ਇਸ ਦੇ ਨਾਲ ਹੀ ਕੁਝ ਅਜਿਹੀਆਂ ਸ਼ਿਕਾਇਤਾਂ ਵੀ ਸਾਹਮਣੇ ਆਈਆਂ ਹਨ ਕਿ ਕੰਪਨੀਆਂ ਨੇ ਕਾਮਿਆਂ ਨੂੰ ਤਨਖਾਹ ਵੀ ਨਹੀਂ ਦਿੱਤੀ। ਉਨ੍ਹਾਂ ਨੇ ਕਿਹਾ ਇਸ ਸਬੰਧੀ ਇਕ ਹੈਲਪਲਾਈਨ ਖੋਲ੍ਹੀ ਜਾਣੀ ਚਾਹੀਦੀ ਹੈ ਤਾਂਜੋ ਕਾਮਿਆਂ ਨੂੰ ਉਨ੍ਹਾਂ ਦੇ ਮਾਲਕਾਂ ਤੋਂ ਪਾਸਪੋਰਟ ਵਾਪਿਸ ਮਿਲ ਸਕਣ ਅਤੇ ਉਹ ਦੇਸ਼ ਵਾਪਸੀ ਕਰ ਸਕਣ। ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਕੇਂਦਰ ਨੂੰ ਇਸ ਮਾਮਲੇ ਵਿਚ ਦਖਲ ਦੇ ਕੇ ਅਜਿਹੇ ਕਾਮਿਆਂ ਨੂੰ ਵਾਪਿਸ ਲਿਆਉਣ ਲਈ ਲੋੜੀਂਦੇ ਕਦਮ ਚੁੱਕਣ ਦੀ ਬੇਨਤੀ ਕੀਤੀ ਹੈ।
ਸੁਖਬੀਰ ਨੇ ਕਿਹਾ ਕਿ ਇਨ੍ਹਾਂ ਵਿਚੋਂ ਕੁਝ ਕਾਮਿਆਂ ਕੋਲ ਟਿਕਟਾਂ ਦੇ ਪੈਸੇ ਖਰਚਣ ਦੀ ਸਮਰੱਥਾ ਹੈ ਪਰ ਕੁਝ ਅਜਿਹੇ ਵੀ ਹਨ, ਜਿਨ੍ਹਾਂ ਕੋਲ ਆਪਣੀ ਵਾਪਸੀ ਦੀ ਯਾਤਰਾ ਲਈ ਪੈਸੇ ਵੀ ਨਹੀਂ ਹਨ ਕਿਉਂਕਿ ਇਸ ਸੰਕਟ ਦੀ ਸਥਿਤੀ ਵਿਚ ਉਹ ਆਪਣੀ ਬੱਚਤ ਵੀ ਖਰਚ ਕਰ ਚੁੱਕੇ ਹਨ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਅਜਿਹੇ ’ਚ ਇਨ੍ਹਾਂ ਕਾਮਿਆਂ ਨੂੰ ਵਾਪਿਸ ਸਮੁੰਦਰੀ ਫੌਜ ਦੇ ਜਹਾਜ਼ਾਂ ਨੂੰ ਵੀ ਇਨ੍ਹਾਂ ਨੂੰ ਲਿਆਉਣ ਲਈ ਭੇਜਿਆ ਜਾ ਸਕਦਾ ਹੈ।