PSEB issued instruction for : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੂਲਾਂ ਵਿਚ ਦਾਖਲਾ ਲੈਣ ਲਈ ਦੂਸਰੇ ਸੂਬਿਆਂ ਜਾਂ ਦੂਸਰੀ ਬੋਰਡ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਆਉਣ ਵਾਲੀਆਂ ਪ੍ਰੇਸ਼ਾਨੀਆਂ ਦੇ ਹੱਲ ਲਈ ਪੀਐਸਈਬੀ ਨੇ ਕੁਝ ਹਿਦਾਇਤਾਂ ਜਾਰੀ ਕੀਤੀਆਂ ਹਨ, ਜਿਸ ਨਾਲ ਹੁਣ ਅਜਿਹੇ ਵਿਦਿਆਰਥੀਆਂ ਨੂੰ ਪੀਐਸਈਬੀ ਦੇ ਸਕੂਲਾਂ ਵਿਚ ਦਾਖਲਾ ਲੈਣ ਵੇਲੇ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਏਗਾ।
ਇਨ੍ਹਾਂ ਹਿਦਾਇਤਾਂ ਵਿਚ ਕਿਹਾ ਗਿਆ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੂਲ ਵਿਚ ਦਾਖਲਾ ਲੈਣ ਲਈ ਵਿਦਿਆਰਥੀ ਨੂੰ ਆਪਣੀ ਪਿਛਲੀ ਕਲਾਸ ’ਚੋਂ ਪਾਸ ਹੋਣ ਦਾ ਰਿਜ਼ਲਟ ਕਾਰਡ ਜਾਂ ਟਰਾਂਸਫਰ ਸਰਟੀਫਿਕੇਟ (ਕੋਈ ਇਕ ਡਾਕੂਮੈਂਟ) ਹੀ ਵੈਰੀਫਾਈ ਕਰਵਾਉਣ ਦੀ ਲੋੜ ਹੋਵੇਗੀ, ਜਿਸ ਦੇ ਲਈ ਸਕੂਲ ਮੁਖੀ ਸੀਬੀਐਸੀ ਜਾਂ ਹੋਰ ਰਾਜਾਂ ਦੇ ਬੋਰਡ ਦੀ ਵੈੱਬਸਾਈਟ ’ਤੇ ਜਾ ਕੇ ਸਕੂਲ ਦੇ ਸਬੰਧ ਵਿਚ ਵੈਰੀਫਾਈ ਕਰ ਲੈਣ ਕਿ ਸਰਟੀਫਿਕੇਟ ਜਾਰੀ ਕਰਨ ਵਾਲੀ ਸੰਸਥਾ/ ਸਕੂਲ ਬੋਰਡ ਤੋਂ ਐਫੀਲੀਏਟਿਡ ਹੈ ਜਾਂ ਨਹੀਂ। ਇਸ ਦੇ ਨਾਲ ਹੀ ਵੈਰੀਫਾਈ ਕਰਨ ਤੋਂ ਬਾਅਦ ਇਸ ਸਬੰਧ ਵਿਚ ਆਪਣੇ ਰਿਕਾਰਡ ਵਿਚ ਸਬੰਧਤ ਵੇਰਵਾ ਦਰਜ ਕਰ ਦੇਣ। ਉਥੇ ਵਿਦਿਆਰਥੀਆਂ ਨੂੰ ਵੀ ਇਸ ਸਬੰਧੀ ਰਾਹਤ ਦਿੱਤੀ ਗਈ ਹੈ ਕਿ ਜੇਕਰ ਵਿਦਿਆਰਥੀ ਕੋਲ ਦਾਖਲ ਹੋਣ ਸਮੇਂ ਰਿਜ਼ਲਟ ਕਾਰਡ ਜਾਂ ਟਰਾਂਸਫਰ ਸਰਟੀਫਿਕੇਟ ਕਿਸੇ ਕਾਰਨ ਨਾ ਹੋਵੇ ਤਾਂ ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੋਵੀਜ਼ਨਲ ਦਾਖਲਾ ਦੇ ਦਿੱਤਾ ਜਾਵੇ ਪਰ ਸਾਲਾਨਾ ਪ੍ਰੀਖਿਆਵਾਂ ਸ਼ੁਰੂ ਹੋਣ ਤੋਂ ਪਹਿਲਾਂ ਉਪਰੋਕਤ ਦੋਵਾਂ ਵਿਚੋਂ ਕੋਈ ਇਕ ਸਰਟੀਫਿਕੇਟ ਸਬੰਧਤ ਵਿਦਿਆਰਥੀ ਵੱਲੋਂ ਸਕੂਲ ਮੁਖੀ ਨੂੰ ਪੇਸ਼ ਕੀਤਾ ਜਾਵੇ।
ਦੱਸਣਯੋਗ ਹੈ ਕਿ ਇਨ੍ਹਾਂ ਦਸਤਾਵੇਜ਼ੀ ਪ੍ਰਕਿਰਿਆ ਨੂੰ ਤੁਰੰਤ ਪੂਰਾ ਨਾ ਕਰਨ ਕਰਕੇ ਵਿਦਿਆਰਥੀਆਂ ਨੂੰ ਸੂਕਲਾਂ ਵਿਚ ਦਾਖਲਾ ਲੈਣ ਵਿਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਪੀਐਸਈਬੀ ਨੇ ਵੱਖ-ਵੱਖ ਸਕੂਲਾਂ ਵੱਲੋਂ ਪ੍ਰਾਪਤ ਹੋਏ ਸੁਝਾਵਾਂ ਦੇ ਮੱਦੇਨਜ਼ਰ ਇਸ ਸਮੱਸਿਆ ਦਾ ਹੱਲ ਕੱਢਣ ਲਈ ਇਹ ਹਿਦਾਇਤਾਂ ਜਾਰੀ ਕੀਤੀਆਂ ਹਨ ਅਤੇ ਬੋਰਡ ਵੱਲੋਂ ਪੁਰਾਣੀਆਂ ਹਿਦਾਇਤਾਂ ’ਤੇ ਮੁੜ ਵਿਚਾਰ ਕੀਤਾ ਜਾ ਰਿਹਾ ਹੈ ਤਾਂਜੋ ਹੋਰ ਸੂਬਿਆਂ/ਬੋਰਡ ਦੇ ਨਵੇਂ ਦਾਖਲੇ ਵੇਲੇ ਸਕੂਲਾਂ ਤੇ ਵਿਦਿਆਰਥੀਆਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਆਵੇ।