Petrol diesel price increase: ਨਵੀਂ ਦਿੱਲੀ: ਲਾਕਡਾਉਨ ਖੁੱਲ੍ਹਣ ਤੋਂ ਬਾਅਦ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ । ਸੱਤਵੇਂ ਦਿਨ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋਇਆ ਹੈ । ਅੱਜ ਦਿੱਲੀ ਵਿੱਚ ਪੈਟਰੋਲ ਦੀ ਕੀਮਤ 59 ਪੈਸੇ ਵੱਧ ਕੇ 75 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ 58 ਪੈਸੇ ਵੱਧ ਕੇ 73 ਰੁਪਏ ਪ੍ਰਤੀ ਲਿਟਰ ਦੇ ਪਾਰ ਹੋ ਗਈ ਹੈ । ਇਨ੍ਹਾਂ 7 ਦਿਨਾਂ ਵਿਚ ਦਿੱਲੀ ਵਿੱਚ ਪੈਟਰੋਲ 3.90 ਰੁਪਏ ਯਾਨੀ 5.47 ਫ਼ੀਸਦੀ ਅਤੇ ਡੀਜ਼ਲ 4 ਰੁਪਏ ਯਾਨੀ 5.76 ਫ਼ੀਸਦੀ ਮਹਿੰਗਾ ਹੋ ਚੁੱਕਾ ਹੈ।
ਲਗਾਤਾਰ ਸੱਤਵੇਂ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਣ ਤੋਂ ਬਾਅਦ ਕੋਲਕਾਤਾ ਵਿੱਚ ਸ਼ਨੀਵਾਰ ਨੂੰ ਪੈਟਰੋਲ 77.05 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ, ਜਦੋਂਕਿ ਡੀਜ਼ਲ ਦੀ ਕੀਮਤ 69.23 ਰੁਪਏ ਪ੍ਰਤੀ ਲੀਟਰ ਹੈ । ਮੁੰਬਈ ਵਿੱਚ ਪੈਟਰੋਲ ਦੀ ਕੀਮਤ 82.10 ਰੁਪਏ ਪ੍ਰਤੀ ਲੀਟਰ ਹੈ, ਜਦੋਂ ਕਿ ਡੀਜ਼ਲ ਦੀ ਕੀਮਤ 72.03 ਰੁਪਏ ਪ੍ਰਤੀ ਲੀਟਰ ਹੈ । ਇਸ ਤੋਂ ਇਲਾਵਾ ਚੇੱਨਈ ਵਿੱਚ ਡੀਜ਼ਲ ਦੀ ਕੀਮਤ 71.64 ਰੁਪਏ ਪ੍ਰਤੀ ਲੀਟਰ ਹੈ ਅਤੇ ਪੈਟਰੋਲ ਦੀ ਕੀਮਤ 78.99 ਰੁਪਏ ਪ੍ਰਤੀ ਲੀਟਰ ਹੈ ।
ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਦਿੱਲੀ ਵਿਚ ਪੈਟਰੋਲ ਦੀ ਕੀਮਤ ਸ਼ਨੀਵਾਰ ਨੂੰ 59 ਪੈਸੇ ਵੱਧ ਕੇ 75.16 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਈ। ਇਹ ਇਸ ਸਾਲ 18 ਜਨਵਰੀ ਦੇ ਬਾਅਦ ਦਾ ਇਸ ਦਾ ਉੱਚਾ ਪੱਧਰ ਹੈ। ਡੀਜ਼ਲ ਵੀ 58 ਪੈਸੇ ਮਹਿੰਗਾ ਹੋ ਕੇ 73.39 ਰੁਪਏ ਪ੍ਰਤੀ ਲਿਟਰ ਦੇ ਭਾਅ ਵਿਕਿਆ ਜੋ 2 ਨਵੰਬਰ 2018 ਦੇ ਬਾਅਦ ਦੀ ਇਸ ਦੀ ਸਭ ਤੋਂ ਵੱਧ ਪ੍ਰਚੂਨ ਕੀਮਤ ਹੈ ।
ਇਸ ਸਬੰਧੀ ਇੱਕ ਅਧਿਕਾਰੀ ਨੇ ਦੱਸਿਆ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਰੋਜ਼ਾਨਾ ਬਦਲਾਅ ਦੁਬਾਰਾ ਸ਼ੁਰੂ ਕੀਤਾ ਗਿਆ ਹੈ । ਜਨਤਕ ਖੇਤਰ ਦੀਆਂ ਤੇਲ ਕੰਪਨੀਆਂ ਨਿਯਮਤ ਅੰਤਰਾਲਾਂ ਤੇ ਹਵਾਈ ਜਹਾਜ਼ਾਂ ਦੇ ਤੇਲ ਅਤੇ ਘਰੇਲੂ ਐਲ.ਪੀ.ਜੀ. ਦੀਆਂ ਕੀਮਤਾਂ ਵਿੱਚ ਤਬਦੀਲੀਆਂ ਕਰ ਰਹੀਆਂ ਸ, ਪਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 16 ਮਾਰਚ ਤੋਂ ਸਥਿਰ ਰਹੀਆਂ ਹਨ। ਇਸ ਦਾ ਕਾਰਨ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀ ਕੀਮਤ ਨੂੰ ਲੈ ਕੇ ਭਾਰੀ ਉਥਲ-ਪੁਥਲ ਸੀ । ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ‘ਤੇ ਐਕਸਾਈਜ਼ ਡਿਊਟੀ 3 ਰੁਪਏ ਪ੍ਰਤੀ ਲੀਟਰ ਵਧਾਏ ਜਾਣ ਤੋਂ ਬਾਅਦ ਹੀ ਕੀਮਤਾਂ ਸਥਿਰ ਹੋ ਗਈਆਂ ਸਨ ।