Meritorious School Entrance Test : ਜਲੰਧਰ : ਕੋਰੋਨਾ ਮਹਾਮਾਰੀ ਦੇ ਸੰਕਟ ਦੌਰਾਨ ਮੈਰੀਟੋਰੀਅਸ ਸਕੂਲਾਂ ਵੱਲੋਂ ਐਂਟ੍ਰੈਂਸ ਟੈਸਟ ਲਈ ਰਜਿਸਟ੍ਰੇਸ਼ਨ 15 ਜੂਨ ਤੋਂ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਵਿਚ ਬੱਚੇ ਘਰ ਬੈਠ ਕੇ ਹੀ ਐਂਟ੍ਰੈਂਸ ਟੈਸਟ ਦੀ ਤਿਆਰੀ ਕਰ ਸਕਣਗੇ, ਹਾਲਾਂਕਿ ਅਜੇ ਤੱਕ ਇਸ ਟੈਸਟ ਦੀ ਮਿਤੀ ਐਲਾਨੀ ਨਹੀਂ ਗਈ। ਇਸ ਦੀ ਤਿਆਰੀ ਕਰਵਾਉਣ ਲਈ ਅਧਿਆਪਕਾਂ ਵੱਲੋਂ ਮੋਬਾਈਲ ਐਪ ਰਾਹੀਂ ਮੁਫਤ ਕੋਚਿੰਗ ਦਿੱਤੀ ਜਾਵੇਗੀ। ਦੱਸਣਯੋਗ ਹੈ ਕਿ ਇਹ ਐਪ ਜਲੰਧਰ ਦੇ ਅਧਿਆਪਕਾਂ ਦੀ ਟੀਮ ਨੇ ਪੀਪੀਪੀਪੀ ਮੋਬਾਈਲ ਐਪ ਤਿਆਰ ਕੀਤਾ ਹੈ। ਇਸ ਵਿਚ ਲੌਕਡਾਊ ਦੌਰਾਨ ਅਧਿਆਪਕਾਂ ਨੇ ਬੱਚਿਆਂ ਨੂੰ ਸਿਲੇਬਸ, ਨੋਟਸ, ਆਡੀਓ-ਵੀਡੀਓ ਲੈਕਚਰ ਰਾਹੀਂ ਪੜ੍ਹਾਇਆ ਹੈ। ਹੁਣ ਇਸ ਰਾਹੀਂ ਦਸਵੀਂ ਦੇ ਵਿਦਿਆਰਥੀਆਂ ਲਈ ਮੁਫਤ ਕੋਚਿੰਗ ਵੀ ਦਿੱਤੀ ਜਾਵੇਗੀ ਤਾਂਕਿ ਬੱਚੇ ਆਪਣੀ ਪ੍ਰੀਖਿਆ ਦੀ ਤਿਆਰੀ ਚੰਗੀ ਤਰ੍ਹਾਂ ਕਰ ਸਕਣ।
ਦੱਸਣਯੋਗ ਹੈ ਕਿ ਦਸਵੀਂ ਜਮਾਤ ਵਿਚ ਗ੍ਰੇਡ ਏ ਤੇ ਗ੍ਰੇਡ ਬੀ ਹਾਸਲ ਕਰਨ ਵਾਲੇ ਵਿਦਿਆਰਥੀ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਮੈਰੀਟੋਰੀਅਸ ਵਿਚ ਐਂਟ੍ਰੈਂਸ ਟੈਸਟ ਦੇਣ ਦੀ ਪ੍ਰੀਖਿਆ ਦੀ ਤਿਆਰੀ ਲਈ ’ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਦੀ ਟੀਮ ਨੇ ਪੀਪੀਪੀਪੀ ਜਲੰਧਰ ਐਪ ਰਾਹੀਂ ਸੁਰੂ ਕੀਤੀਆਂ ਇਸ ਮੁਫਤ ਕੋਚਿੰਗ ਵਿਚ ਚਾਹਵਾਨ ਵਿਦਿਆਰਥੀ ਨੂੰ ਪਹਿਲਾਂ ਰਿਜਸਟ੍ਰੇਸ਼ਨ ਕਰਵਾਉਣੀ ਹੋਵੇਗੀ। ਫਿਰ 15 ਜੂਨ ਤੋਂ ਇਕ ਮਹੀਨੇ ਲਈ ਐਪ ’ਤੇ ਕਲਾਸਾਂ ਸ਼ੁਰੂ ਹੋਣਗੀਆਂ। ਜ਼ਿਕਰਯੋਗ ਹੈ ਕਿ ਹੁਣ ਤੱਕ ਜਲੰਧਰ ਸਣੇ ਵੱਖ-ਵੱਖ ਜ਼ਿਲਿਆਂ ਦੇ 810 ਤੋਂ ਵੱਧ ਵਿਦਿਆਰਥੀਆਂ ਵੱਲੋਂ ਇਸ ਐਪ ’ਤੇ ਰਜਿਸਟ੍ਰੇਸ਼ਨ ਕਰਵਾਈ ਜਾ ਚੁੱਕੀ ਹੈ।
ਅਧਿਆਪਕਾਂ ਵੱਲੋਂ ਅੰਗਰੇਜ਼ੀ, ਸਾਇੰਸ, ਗਣਿਤ ਵਿਸ਼ੇ ਦਾ ਆਨਲਾਈਨ ਕੰਟੈਂਟ ਤਿਆਰ ਕੀਤਾ ਗਿਆ ਹੈ। ਪ੍ਰੀਖਿਆ ਦੀ ਮਿਤੀ ਐਲਾਨ ਹੋਣ ਤੱਕ ਹਰ ਐਤਵਾਰ ਨੂੰ ਹਫਤਾਵਾਰੀ ਟੈਸਟ ਲਿਆ ਜਾਵੇਗਾ ਤਾਂਕਿ ਬੱਚਿਆਂ ਦੀ ਤਿਆਰੀ ਵਿਚ ਕੋਈ ਕਸਰ ਨਾ ਰਹਿ ਜਾਵੇ। ਫਿਰ ਇਕ ਮਹੀਨੇ ਦੀ ਪੂਰੀ ਪੜ੍ਹਾਈ ਤੋਂ ਬਾਅਦ ਮੁਲਾਂਕਣ ਲਈ ਮਹੀਨਾਵਾਰ ਟੈਸਟ ਹੋਵੇਗਾ। ਇਸ ਐਪ ’ਤੇ ਜ਼ਿਲਾ ਮੈਂਟੋਰ ਗਣਿਤ ਜਸਵਿੰਦਰ ਸਿੰਘ, ਜ਼ਿਲਾ ਮੈਂਟੋਰ ਅੰਗਰੇਜ਼ੀ ਚੰਦਰ ਸ਼ੇਖਰ, ਜ਼ਿਲਾ ਮੈਂਟੋਰ ਸਾਇੰਸ ਹਰਜੀਤ ਕੁਮਾਰ, ਬਲਾਕ ਮੈਂਟੋਰ ਅੰਗਰੇਜ਼ੀ ਓਮੇਸ਼ਵਰ ਨਾਰਾਇਣ, ਬਲਾਕ ਮੈਂਟੋਰ ਗਣਿਤ ਦੀਪਕ ਕੁਮਾਰ, ਬਲਾਕ ਮੈਂਟੋਰ ਸਾਇੰਸ ਮਨੀਸ਼ ਕੁਮਾਰ ਸਣੇ ਬਲਾਕ ਮੈਂਟੋਰ ਦੀ ਟੀਮ ਨੇ ਮਿਲ ਕੇ ਕੰਮ ਕਰ ਰਹੀਆਂ ਹਨ।