Punjab Govt releases : ਪਟਿਆਲਾ : ਪੰਜਾਬ ਸਰਕਾਰ ਵੱਲੋਂ ਪੀਆਰਟੀਸੀ ਦੀ ਮੰਗ ’ਤੇ 4,63,50,000 ਦੀ ਰਕਮ ਜਾਰੀ ਕੀਤੀ ਗਈ ਹੈ ਤਾਂ ਜੋ ਉਹ ਮੁਲਾਜ਼ਮਾਂ ਨੂੰ ਤਨਖਾਹ ਤੇ ਪੈਨਸ਼ਨਰਾਂ ਨੂੰ ਪੈਨਸ਼ਨ ਦਾ ਭੁਗਤਾਨ ਕਰ ਸਕਣ। ਦੱਸਣਯੋਗ ਹੈ ਕਿ ਕੋਵਿਡ-19 ਮਹਮਾਰੀ ਕਾਰਨ ਲੱਗੇ ਲੌਕਡਾਊਨ ਕਾਰਨ ਸਰਕਾਰੀ ਬੱਸਾਂ ਵੀ ਬੰਦ ਪਈਆਂ ਹਨ, ਜਿਸ ਕਾਰਨ ਪੀਆਰਟੀਸੀ ਨੂੰ ਕਾਫੀ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨ੍ਹਾਂ ਨੂੰ ਮੁਲਾਜ਼ਮਾਂ ਨੂੰ ਤਨਖਾਹ ਅਤੇ ਪੈਨਸ਼ਨਰਾਂ ਨੂੰ ਪੈਨਸ਼ਨ ਦੇਣ ਵਿਚ ਕਾਫੀ ਮੁਸ਼ਕਲਾਂ ਦਾ ਸਾਹਮਮਾ ਕਰਨਾ ਪੈ ਰਿਹਾ ਹੈ, ਜਿਸ ’ਤੇ ਪੀਆਰਟੀਸੀ ਦੇ ਚੇਅਰਮੈਨ (ਮੰਤਰੀ ਰੈਂਕ) ਕੇਕੇ ਸ਼ਰਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਫੋਨ ’ਤੇ ਗੱਲ ਕਰਕੇ ਉਨ੍ਹਾਂ ਨੂੰ ਪੀਆਰਟੀਸੀ ਨੂੰ ਆ ਰਹੀ ਮੁਸ਼ਕਲ ਬਾਰੇ ਦੱਸਿਆ। ਜਿਸ ਦੇ ਚੱਲਦਿਆਂ ਮੁੱਖ ਮੰਤਰੀ ਨੇ ਸਟੇਟ ਟਰਾਂਸਪੋਰਟ ਵਿਭਾਗ ਨੂੰ ਇਹ ਰਾਸ਼ੀ ਪੀਆਰਟੀਸੀ ਨੂੰ ਜਾਰੀ ਕਰਨ ਦੇ ਹੁਕਮ ਦਿੱਤੇ ਸਨ।
ਚੇਅਰਮੈਨ ਸ਼ਰਮਾ ਨੇ ਦੱਸਿਆ ਕਿ ਪੀਆਰਟੀਸੀ ਵੱਲੋਂ ਪੰਜਾਬ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਅਧੀਨ ਜਿਨ੍ਹਾਂ ਲੋਕਾਂ ਨੂੰ ਬੱਸ ਸਫਰ ਮੁਫਤ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ ਜਾਂ ਰਿਆਇਤਾਂ ਦਿੱਤੀਆਂ ਗਈਆਂ ਹਨ, ਉਸ ਬਦਲੇ ਹਰ ਸਾਲ ਸਰਕਾਰ ਪੀਆਰਟੀਸੀ ਨੂੰ 55 ਕਰੋੜ 62 ਲੱਖ ਰੁਪਏ ਜਾਰੀ ਕਰਦੀ ਹੈ। ਦੱਸਣਯੋਗ ਹੈ ਕਿ ਆਮ ਦਿਨਾਂ ਵਿਚ ਪੀਆਰਟੀਸੀ ਨੂੰ ਇਹ ਪੈਸਾ ਕਈ-ਕਈ ਮਹੀਨਿਆੰ ਬਾਅਦ ਆਉਂਦਾ ਹੈ ਪਰ ਇਸ ਵਾਰ ਲੌਕਡਾਊਨ ਕਾਰਨ ਪੀਆਰਟੀਸੀ ਦੀ ਆਰਥਿਕ ਹਾਲਤ ਕਾਫੀ ਖਰਾਬ ਹੋ ਗਈ ਸੀ, ਜਿਸ ਕਾਰਨ ਮੁੱਖ ਮੰਤਰੀ ਵੱਸੋਂ ਸਟੇਟ ਟਰਾਂਸਪੋਰਟ ਨੂੰ ਹੁਕਮ ਜਾਰੀ ਕਰਕੇ ਪੀਆਰਟੀਸੀ ਨੂੰ ਇਹ ਰਕਮ ਮੁਹੱਈਆ ਕਰਵਾਉਣ ਲਈ ਕਿਹਾ। ਚੇਅਰਮੈਨ ਸ਼ਰਮਾ ਨੇ ਕਿਹਾ ਕਿ ਇਹ ਰਕਮ ਮਿਲਣ ਨਾਲ ਹੁਣ ਪੈਨਸ਼ਨਰਾਂ ਨੂੰ ਅਗਲੇ ਹਫਤੇ ਤੱਕ ਪੈਨਸ਼ਨ ਵੀ ਜਾਰੀ ਕਰ ਦਿੱਤੀ ਜਾਵੇਗੀ।