Chief Minister expressed grief over : ਚੰਡੀਗੜ੍ਹ : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਵੱਲੋਂ ਖੁਦਕੁਸ਼ੀ ਕਰਨ ‘ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਨੇ ਆਪਣੇ ਟਵਿੱਟਰ ’ਤੇ ਸੁਸ਼ਾਂਤ ਸਿੰਘ ਰਾਜਪੂਤ ਦੀ ਤਸਵੀਰ ਪਾ ਕੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਸੁਸ਼ਾਂਤ ਸਿੰਘ ਰਾਜਪੂਤ ਦੇ ਅਚਾਨਕ ਦੇਹਾਂਤ ਬਾਰੇ ਸੁਣ ਕੇ ਮਨ ਨੂੰ ਬਹੁਤ ਦੁੱਖ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਸੁਸ਼ਾਂਤ ਸਿੰਘ ਰਾਜਪੂਤ ਇੱਕ ਚੰਗੇ ਅਦਾਕਾਰ ਸਨ ਜੋ ਆਪਣੀ ਸਖਤ ਮਿਹਨਤ ਸਦਕਾ ਟੀਵੀ ਜਗਤ ਤੋਂ ਵੱਡੇ ਪਰਦੇ ‘ਤੇ ਪਹੁੰਚਿਆ। ਉਸ ਦਾ ਇਸ ਤਰ੍ਹਾਂ ਜਾਣਾ ਬੇਹੱਦ ਦੁਖਦਾਈ ਹੈ, ਉਹ ਹਮੇਸ਼ਾ ਸਾਰਿਆਂ ਨੂੰ ਯਾਦ ਰਹਿਣਗੇ। ਉਨ੍ਹਾਂ ਕਿਹਾ ਕਿ ਵਾਹਿਗੁਰੂ ਜੀ ਇਸ ਦੁੱਖ ਦੀ ਘੜੀ ‘ਚ ਉਨ੍ਹਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।
ਜ਼ਿਕਰਯੋਗ ਹੈ ਕਿ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਅੱਜ ਮੁੰਬਈ ਵਿਚ ਸ਼ੱਕੀ ਹਾਲਾਤਾਂ ਵਿਚ ਆਪਣੇ ਘਰ ਵਿਚ ਖ਼ੁਦਕੁਸ਼ੀ ਕਰਕੇ ਆਪਣੀ ਜ਼ਿੰਦਗੀ ਦਾ ਅੰਤ ਕਰ ਦਿੱਤਾ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਸੁਸ਼ਾਂਤ ਸਿੰਘ ਰਾਜਪੂਤ ਨੇ ਫਾਹਾ ਲਿਆ ਹੈ। ਹਾਲੇ ਤੱਕ ਇਸ ਬਾਰੇ ਕੁਝ ਵੀ ਨਹੀਂ ਪਤਾ ਲੱਗਾ ਕਿ ਆਖਿਰ ਉਨ੍ਹਾਂ ਨੇ ਇੰਨਾ ਖੌਫਨਾਕ ਕਦਮ ਕਿਉਂ ਚੁੱਕਿਆ। ਦੱਸਣਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਫਿਲਮ ਇੰਡਸਟਰੀ ਦੇ ਇਕ ਮਸ਼ਹੂਰ ਅਦਾਕਾਰ ਸੀ। ਸੁਸ਼ਾਂਤ ਨੇ ਸਭ ਤੋਂ ਪਹਿਲਾਂ ‘ਕਿਸ ਦੇਸ਼ ਮੇਂ ਹੈ ਮੇਰਾ ਦਿਲ’ ਨਾਂ ਦੇ ਸੀਰੀਅਲ ‘ਚ ਕੰਮ ਕੀਤਾ ਸੀ। ਪਰ ਉਹ ਏਕਤਾ ਕਪੂਰ ਦੇ ਸੀਰੀਅਲ ‘ਪਵਿੱਤਰ ਰਿਸ਼ਤਾ’ ਤੋਂ ਬਾਅਦ ਇੱਕ ਵੱਡਾ ਚਿਹਰਾ ਬਣ ਕੇ ਉਭਰੇ। ਸੁਸ਼ਾਂਤ ਸਿੰਘ ਰਾਜਪੂਤ ਨੇ ਐਮ.ਐੱਸ ਧੋਨੀ ਦੀ ਅਨਟੋਲਡ ਸਟੋਰੀ ਨਾਲ ਉਨ੍ਹਾਂ ਨੇ ਫਿਲਮ ਨਗਰੀ ਵਿਚ ਆਪਣੀ ਛਾਪ ਛੱਡੀ। ਅਜਿਹੇ ਮਸ਼ਹੂਰ ਅਦਾਕਾਰ ਦੀ ਅਚਾਨਕ ਮੌਤ ਨਾਲ ਪੂਰੀ ਇੰਡਸਟਰੀ ਨੂੰ ਸਦਮਾ ਲੱਗਾ ਹੈ।