India 4th Corona Virus: ਪੂਰੇ ਵਿਸ਼ਵ ਵਿਚ ਫੈਲ ਰਹੇ ਕੋਰੋਨਾ ਵਾਇਰਸ ਦਾ ਕਹਿਰ ਭਾਰਤ ਵਿਚ ਵੀ ਵੱਧ ਰਿਹਾ ਹੈ। ਹਰ ਰੋਜ਼ ਕੋਰੋਨਾ ਦੇ ਮਰੀਜ਼ਾਂ ਦੇ ਨਵੇਂ ਕੇਸ ਸਾਹਮਣੇ ਆ ਰਹੇ ਹਨ ਜਿਸ ਕਾਰਨ ਭਾਰਤ ਹੁਣ ਕੋਰੋਨਾ ਸੰਕਰਮਿਤ ਮਾਮਲਿਆਂ ਵਿੱਚ ਦੁਨੀਆ ਵਿੱਚ ਚੌਥੇ ਨੰਬਰ ‘ਤੇ ਆ ਗਿਆ ਹੈ। ਦੱਸ ਦੇਈਏ ਕਿ ਦੇਸ਼ ਵਿੱਚ ਕੋਰੋਨਾ ਸੰਕਰਮਿਤ ਦੀ ਸੰਖਿਆ 2 ਲੱਖ 98 ਹਜ਼ਾਰ 238 ਹੋ ਗਈ ਹੈ।
ਇਹ ਅੰਕੜੇ covid19india.org ‘ਤੇ ਅਧਾਰਤ ਹਨ। ਅੰਕੜਿਆਂ ਦੇ ਅਨੁਸਾਰ ਭਾਰਤ ਨੇ ਸਪੇਨ (2.89 ਲੱਖ) ਅਤੇ ਬ੍ਰਿਟੇਨ (2.91 ਲੱਖ) ਨੂੰ ਪਛਾੜ ਦਿੱਤਾ। ਹੁਣ ਅਸੀਂ ਦੁਨੀਆ ਵਿਚ ਚੌਥੇ ਨੰਬਰ ‘ਤੇ ਆ ਗਏ ਹਾਂ। ਇਸ ਵੇਲੇ Top 7 ਸੰਕਰਮਿਤ ਦੇਸ਼ਾਂ ‘ਚ ਅਮਰੀਕਾ, ਬ੍ਰਾਜ਼ੀਲ, ਰੂਸ, ਭਾਰਤ, ਬ੍ਰਿਟੇਨ, ਸਪੇਨ ਅਤੇ ਇਟਲੀ ਹਨ। ਹਾਲਾਂਕਿ ਭਾਰਤ ਵਿੱਚ ਰਿਕਵਰੀ ਰੇਟ ਦੂਜੇ ਦੇਸ਼ਾਂ ਨਾਲੋਂ ਬਹੁਤ ਵਧੀਆ ਹੈ।
ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ ਅਮਰੀਕਾ ਵਿੱਚ ਮਰੀਜ਼ਾਂ ਦੀ ਰਿਕਵਰੀ ਦੀ ਦਰ 39.12% ਹੈ ਜਦੋਂ ਕਿ ਭਾਰਤ ਵਿੱਚ ਰਿਕਵਰੀ ਦੀ ਦਰ 49.21% ਹੋ ਗਈ ਹੈ। ਬ੍ਰਾਜ਼ੀਲ ਵਿਚ 51.14%, ਰੂਸ ਵਿਚ 51.97%, ਇਟਲੀ ਵਿਚ 72% ਦੀ ਰਿਕਵਰੀ ਰੇਟ ਹੈ। ਉੱਥੇ ਹੀ ਬ੍ਰਿਟੇਨ ਅਤੇ ਸਪੇਨ ਨੇ ਕੋਰੋਨਾ ਤੋਂ ਠੀਕ ਹੋ ਰਹੇ ਮਰੀਜ਼ਾਂ ਦੇ ਅੰਕੜੇ ਜਾਰੀ ਨਹੀਂ ਕੀਤੇ ਹਨ। ਮਹਾਰਾਸ਼ਟਰ ਅਤੇ ਦਿੱਲੀ ‘ਚ ਇੱਕ ਦਿਨ ਵਿੱਚ ਸਭ ਤੋਂ ਵੱਧ ਸੰਕਰਮਿਤ ਮਿਲੇ ਜਿਸ ਕਾਰਨ ਭਾਰਤ ਵਿੱਚ ਅੰਕੜੇ ਤੇਜ਼ੀ ਨਾਲ ਵਧੇ। ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਅਸੀਂ ਤੁਹਾਨੂੰ ਆਪਣੇ ਪਰਿਵਾਰ ਨਾਲ ਘਰ ‘ਚ ਰਹਿਣ ਦੀ ਸਲਾਹ ਦੇਵਾਂਗੇ ਕਿਉਂਕਿ ਤੁਹਾਡੀ ਸੁਰੱਖਿਆ ਸਾਵਧਾਨੀ ਵਿੱਚ ਹੈ।