rajnath singh reviews ladakh border situation: ਪੂਰਬੀ ਲੱਦਾਖ ਵਿੱਚ ਭਾਰਤੀ ਅਤੇ ਚੀਨੀ ਫੌਜੀਆਂ ਵਿਚਾਲੇ ਹਿੰਸਕ ਝੜਪਾਂ ਦੇ ਮੁੱਦੇ ਉੱਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬੁੱਧਵਾਰ ਸਵੇਰੇ ਚੀਫ਼ ਆਫ਼ ਡਿਫੈਂਸ ਸਟਾਫ (ਸੀਡੀਐਸ) ਅਤੇ ਤਿੰਨਾਂ ਸੈਨਾ ਮੁਖੀਆਂ ਨਾਲ ਇੱਕ ਮਹੱਤਵਪੂਰਨ ਬੈਠਕ ਕੀਤੀ। ਮੀਟਿੰਗ ਵਿੱਚ ਲੱਦਾਖ ਟਕਰਾਅ ਦੇ ਮੱਦੇਨਜ਼ਰ ਐਲਏਸੀ ਦੀ ਸਥਿਤੀ ਦਾ ਜਾਇਜ਼ਾ ਲਿਆ ਗਿਆ ਹੈ। ਮੀਟਿੰਗ ਵਿੱਚ ਚੀਫ ਆਫ਼ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ, ਚੀਫ ਆਫ਼ ਆਰਮੀ ਸਟਾਫ ਜਨਰਲ ਐਮ ਐਮ ਨਰਵਾਨੇ, ਚੀਫ ਆਫ਼ ਨੇਵਲ ਸਟਾਫ ਐਡਮਿਰਲ ਕਰਮਬੀਰ ਸਿੰਘ ਅਤੇ ਏਅਰ ਚੀਫ ਮਾਰਸ਼ਲ ਆਰਕੇਐਸ ਭਦੌਰੀਆ ਸ਼ਾਮਿਲ ਹੋਏ। ਬਾਅਦ ਵਿੱਚ, ਇੱਕ ਟਵੀਟ ‘ਚ ਰੱਖਿਆ ਮੰਤਰੀ ਨੇ ਲੱਦਾਖ ਵਿੱਚ ਭਾਰਤੀ ਸੈਨਿਕਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਜਿਨ੍ਹਾਂ ਨੇ ਦੇਸ਼ ਪ੍ਰਤੀ ਆਪਣਾ ਫਰਜ਼ ਨਿਭਾਇਆ ਹੈ। ਰੱਖਿਆ ਮੰਤਰੀ ਨੇ ਆਪਣੇ ਟਵੀਟ ਵਿੱਚ ਲਿਖਿਆ, “ਗਾਲਵਾਨ ਵਿੱਚ ਸੈਨਿਕਾਂ ਦਾ ਨੁਕਸਾਨ ਦੁਖਦਾਈ ਹੈ। ਸਾਡੇ ਸੈਨਿਕਾਂ ਨੇ ਮਿਸਾਲੀ ਹਿੰਮਤ ਅਤੇ ਬਹਾਦਰੀ ਦਾ ਪ੍ਰਦਰਸ਼ਨ ਕੀਤਾ ਅਤੇ ਭਾਰਤੀ ਫੌਜ ਦੀਆਂ ਉੱਚਤਮ ਰਵਾਇਤਾਂ ਦੀ ਪਾਲਣਾ ਕਰਦਿਆਂ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ।
ਉਨ੍ਹਾਂ ਕਿਹਾ, “ਅਸੀਂ ਸੈਨਿਕਾਂ ਦੀ ਕੁਰਬਾਨੀ ਨੂੰ ਨਹੀਂ ਭੁੱਲਾਂਗੇ। ਪੂਰਾ ਦੇਸ਼ ਸ਼ਹੀਦ ਫੌਜੀਆਂ ਦੇ ਨਾਲ ਖੜ੍ਹਾ ਹੈ।” ਰੱਖਿਆ ਮੰਤਰੀ ਨੇ ਟਵੀਟ ਕੀਤਾ, “ਸੈਨਿਕਾਂ ਦੀ ਸ਼ਹਾਦਤ ਪ੍ਰੇਸ਼ਾਨ ਕਰਨ ਵਾਲੀ ਅਤੇ ਦੁਖਦਾਈ ਹੈ। ਸਾਡੇ ਸੈਨਿਕਾਂ ਨੇ ਅਥਾਹ ਬਹਾਦਰੀ ਦਿਖਾਈ ਹੈ ਅਤੇ ਦੇਸ਼ ਲਈ ਸ਼ਹੀਦ ਹੋਏ ਹਨ। ਦੇਸ਼ ਉਨ੍ਹਾਂ ਦੀ ਬਹਾਦਰੀ ਅਤੇ ਕੁਰਬਾਨੀ ਨੂੰ ਕਦੇ ਨਹੀਂ ਭੁੱਲੇਗਾ। ਪੂਰਾ ਦੇਸ਼ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਖੜ੍ਹਾ ਹੈ।” ਪੂਰਬੀ ਲੱਦਾਖ ਵਿੱਚ, ਚੀਨੀ ਸੈਨਿਕਾਂ ਨਾਲ ਹੋਈ ਹਿੰਸਕ ਝੜਪ ਵਿੱਚ 20 ਭਾਰਤੀ ਸੈਨਿਕਾਂ ਦੀ ਜਾਨ ਚਲੀ ਗਈ ਹੈ, ਜਦੋਂ ਕਿ ਚਾਰ ਸੈਨਿਕ ਗੰਭੀਰ ਜ਼ਖਮੀ ਹੋ ਗਏ ਹਨ। ਇਹ ਹਿੰਸਕ ਝੜਪ ਉਦੋਂ ਸ਼ੁਰੂ ਹੋਈ ਜਦੋਂ ਭਾਰਤੀ ਸੈਨਿਕ ਸਰਹੱਦ ਦੇ ਭਾਰਤੀ ਪਾਸੇ ਚੀਨੀ ਫੌਜਾਂ ਦੁਆਰਾ ਲਗਾਏ ਤੰਬੂ ਹਟਾਉਣ ਗਏ ਸਨ। 6 ਜੂਨ ਨੂੰ, ਚੀਨ ਨੇ ਦੋਵੇਂ ਪਾਸਿਆਂ ਦੇ ਲੈਫਟੀਨੈਂਟ ਜਨਰਲ-ਰੈਂਕ ਦੇ ਅਧਿਕਾਰੀਆਂ ਦਰਮਿਆਨ ਗੱਲਬਾਤ ਤੋਂ ਬਾਅਦ ਟੈਂਟ ਨੂੰ ਹਟਾਉਣ ਲਈ ਸਹਿਮਤੀ ਦਿੱਤੀ ਸੀ। ਸੂਤਰਾਂ ਨੇ ਕਿਹਾ ਕਿ ਚੀਨੀ ਫੌਜਾਂ ਵੱਲੋਂ ਭਾਰਤੀ ਕਰਨਲ ਬੀ ਐਲ ਸੰਤੋਸ਼ ਬਾਬੂ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਦੋਵਾਂ ਧਿਰਾਂ ਵਿਚਕਾਰ ਲਾਠੀਆਂ, ਪੱਥਰਾਂ ਅਤੇ ਡੰਡੇ ਦੀ ਵਰਤੋਂ ਕਰਦਿਆਂ ਸਰੀਰਕ ਸੰਘਰਸ਼ ਸ਼ੁਰੂ ਹੋ ਗਿਆ।